ਆਸਟਰੇਲੀਆ ’ਚ ਅਤਿਵਾਦੀ ਹਮਲੇ ਦਾ ਫਰਜ਼ੀ ਪੀੜਤ ਬਣ ਕੇ ਮੁਆਵਜ਼ਾ ਲੈਣ ਦੀ ਕੋਸ਼ਿਸ਼, ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਆਸਟਰੇਲੀਆ ’ਚ ਅਤਿਵਾਦੀ ਹਮਲੇ ਦਾ ਫਰਜ਼ੀ ਪੀੜਤ ਬਣ ਕੇ ਮੁਆਵਜ਼ਾ ਲੈਣ ਦੀ ਕੋਸ਼ਿਸ਼, ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਪੁਲੀਸ ਜਾਂਚ ਦੌਰਾਨ ਦਾਅਵੇ ਦੀ ਸੱਚਾਈ ’ਤੇ ਉੱਠੇ ਸਵਾਲ; 46 ਸਾਲਾ ਵਿਅਕਤੀ ਨੂੰ ਮਿਲੀ ਸ਼ਰਤਾਂ ਸਮੇਤ ਜ਼ਮਾਨਤ, 18 ਨਵੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ

ਆਸਟਰੇਲੀਆ ਦੇ ਬੌਂਡਾਈ ਅਤਿਵਾਦੀ ਹਮਲੇ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ 46 ਸਾਲਾ ਭਾਰਤੀ ਮੂਲ ਦੇ ਵਿਅਕਤੀ ’ਤੇ ਹਮਲੇ ਦਾ ਫਰਜ਼ੀ ਪੀੜਤ ਬਣ ਕੇ ਕਰੀਬ 24 ਲੱਖ ਰੁਪਏ (35,000 ਆਸਟਰੇਲੀਆਈ ਡਾਲਰ) ਦਾ ਮੁਆਵਜ਼ਾ ਹਾਸਲ ਕਰਨ ਦੀ ਕਥਿਤ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ।

ਪੁਲੀਸ ਮੁਤਾਬਕ, ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਹਮਲੇ ਦੌਰਾਨ ਹੋਏ ਧਮਾਕੇ ਜਾਂ ਗੋਲੀਬਾਰੀ ਕਾਰਨ ਨਿਕਲੇ ਧਾਤ ਦੇ ਟੁਕੜਿਆਂ (ਸ਼ਰੈਪਨਲ) ਨਾਲ ਉਹ ਜ਼ਖ਼ਮੀ ਹੋਇਆ ਸੀ। ਹਾਲਾਂਕਿ, ਜਾਂਚ ਦੌਰਾਨ ਉਸ ਦੇ ਦਾਅਵੇ ਦੀ ਸੱਚਾਈ ’ਤੇ ਸਵਾਲ ਖੜ੍ਹੇ ਹੋ ਗਏ। ਇਸ ਮਾਮਲੇ ਵਿੱਚ ਉਸ ਨੂੰ ਪੈਰਾਮਾਟਾ ਪੁਲੀਸ ਸਟੇਸ਼ਨ ਵਿਖੇ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਬੌਂਡਾਈ ਬੀਚ ’ਤੇ ਹਮਲੇ ’ਚ 15 ਲੋਕਾਂ ਦੀ ਹੋਈ ਸੀ ਮੌਤ

ਜ਼ਿਕਰਯੋਗ ਹੈ ਕਿ 14 ਦਸੰਬਰ 2025 ਨੂੰ ਬੌਂਡਾਈ ਬੀਚ ’ਤੇ ਯਹੂਦੀ ਭਾਈਚਾਰੇ ਦੇ ਹਨੂਕਾ ਸਮਾਗਮ ਦੌਰਾਨ ਗੋਲੀਬਾਰੀ ਹੋਈ ਸੀ। ਇਸ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋਏ ਸਨ।

ਜ਼ਖ਼ਮੀਆਂ ਲਈ 35,000 ਡਾਲਰ ਤੱਕ ਦੀ ਸਹਾਇਤਾ

ਸਰਕਾਰੀ ਸਹਾਇਤਾ ਯੋਜਨਾ ਤਹਿਤ ਗੋਲੀ ਜਾਂ ਧਾਤ ਦੇ ਟੁਕੜਿਆਂ ਨਾਲ ਜ਼ਖ਼ਮੀ ਹੋਏ ਪੀੜਤਾਂ ਲਈ 35,000 ਆਸਟਰੇਲੀਆਈ ਡਾਲਰ ਤੱਕ ਦੀ ਮਦਦ ਦਾ ਪ੍ਰਬੰਧ ਕੀਤਾ ਗਿਆ ਸੀ। ਪੁਲੀਸ ਦਾ ਦੋਸ਼ ਹੈ ਕਿ ਮੁਲਜ਼ਮ ਨੇ ਇਸ ਯੋਜਨਾ ਤਹਿਤ ਮੁਆਵਜ਼ਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਮੁਲਜ਼ਮ ਨੂੰ ਸ਼ਰਤਾਂ ਸਮੇਤ ਜ਼ਮਾਨਤ ਮਿਲ ਗਈ ਹੈ ਅਤੇ ਉਸ ਨੂੰ 18 ਨਵੰਬਰ ਨੂੰ ਪੈਰਾਮਾਟਾ ਸਥਾਨਕ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਫਿਲਹਾਲ ਉਸ ਖ਼ਿਲਾਫ਼ ਲੱਗੇ ਦੋਸ਼ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ। ਪੁਲੀਸ ਨੇ ਮੁਲਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਹੈ।