ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੁੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਇੱਕ ਨਵੰਬਰ ਨੂੰ ਮਨਾਏ ਜਾਂਦੇ ਪੰਜਾਬ ਸੂਬੇ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਐੱਸ ਕੇ ਭੁੱਲਰ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਅਦਰੀਸ ਮੁੱੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੂੰ ਪੰਜਾਬੀ ਸੂਬੇ ਦੇ ਗਠਨ ਅਤੇ ਇਸ ਨਾਲ ਸੰਬੰਧਤ ਹਰ ਪੱਖ ਤੋਂ ਜਾਣੂ ਕਰਵਾਉਦੇ ਹੋਏ ਆਪਣਾ ਵਿਸਥਾਰਪੂਰਵਕ ਲੈਕਚਰ ਦਿੱਤਾ। ਇਸ ਮੌਕੇ ਇਤਿਹਾਸ ਵਿਭਾਗ ਨਾਲ ਜੁੜੇ ਐਮ. ਏ., ਐਮ. ਫਿਲ ਅਤੇ ਪੀ. ਐਚ. ਡੀ ਕਲਾਸ ਦੇ ਵਿਦਿਆਰਥੀਆਂ ਨੇ ਪੰਜਾਬੀ ਸੂਬੇ ਦੇ ਗਠਨ ਨਾਲ ਸਬੰਧਤ ਆਏ ਹੋਏ ਮਹਿਮਾਨ ਨਾਲ ਸਵਾਲ ਜਵਾਬ ਵੀ ਕੀਤੇ। ਇਸੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਿਭਾਗ ਦੇ ਮੁਖੀ ਡਾ. ਐਸ. ਕੇ. ਭੁੱਲਰ ਨੇ ਵੀ ਪੰਜਾਬੀ ਸੂਬੇ ਨਾਲ ਸਬੰਧਤ ਵਿਦਿਆਰਥੀਆਂ ਦੇ ਮਨਾਂ ਚ ਜੋ ਸਵਾਲ ਸਨ ਉਨ੍ਹਾਂ ਨੇ ਬਾਖੂਬੀ ਜਵਾਬ ਦਿੱਤੇ। ਇਸ ਮੌਕੇ ਪ੍ਰੋਫੈਸਰ ਗੁਰਜੀਤ ਸਿੰਘ, ਮੈਡਮ ਡਾ. ਰੂਬੀ ਬਾਲਾ, ਮੈਡਮ ਡਾਕਟਰ ਦਲਜੀਤ ਕੌਰ, ਮੈਡਮ ਹਰਪਿੰਦਰ ਕੌਰ, ਮਨਜੀਤ ਕੌਰ ਵੀ ਹਾਜਰ ਸਨ।