ਮਾਤਾ ਗੰਗਾ ਖ਼ਾਲਸਾ ਕਾਲਜ,ਮੰਜੀ ਸਾਹਿਬ ਕੋਟਾਂ ਵਿਖੇ 24ਵੀਂ ਸਲਾਨਾ ਅਥਲੈਟਿਕ ਮੀਟ ਸ਼ਾਨਦਾਰ ਢੰਗ ਨਾਲ ਸੰਪੰਨ
- ਪੰਜਾਬ
- 16 Feb, 2026 06:47 AM (UTC)
ਦੋਰਾਹਾ, 15 ਫਰਵਰੀ (ਅਮਰੀਸ਼ ਆਨੰਦ):ਐਡਵੋਕੇਟ ਸ. ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਸਕੱਤਰ ਵਿੱਦਿਆ,ਇੰਜੀ. ਸ. ਸੁਖਮਿੰਦਰ ਸਿੰਘ ਜੀ ਦੇ ਦਿਸ਼ਾਂ-ਨਿਰਦੇਸ਼ਾਂ ਅਧੀਨ ਕਾਰਜਸ਼ੀਲ ਸੰਸਥਾ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ, ਵਿਖੇ ਮਿਤੀ 13 ਫ਼ਰਵਰੀ ਨੂੰ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਦੀ ਦੀ ਸੁਯੋਗ ਅਗਵਾਈ ਹੇਠ 24ਵੀਂ ਸਲਾਨਾ ਅਥਲੈਟਿਕ ਮੀਟ ਬੜੀ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਆਯੋਜਿਤ ਕੀਤੀ ਗਈ। ਕਾਲਜ ਕੈਂਪਸ ਵਿੱਚ ਸਵੇਰੇ ਤੋਂ ਹੀ ਖਿਡਾਰੀਆਂ ਅਤੇ ਦਰਸ਼ਕਾਂ ਵਿੱਚ ਵਿਸ਼ੇਸ਼ ਜੋਸ਼ ਦੇਖਣ ਨੂੰ ਮਿਲਿਆ। ਮੈਦਾਨ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀ ਆਪਣੇ-ਆਪਣੇ ਬੈਨਰਾਂ ਸਮੇਤ ਕਤਾਰਬੱਧ ਹੋ ਕੇ ਮਾਰਚ ਪਾਸਟ ਵਿੱਚ ਹਿੱਸਾ ਲਿਆ । ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਸ. ਯਾਦਵਿੰਦਰ ਸਿੰਘ ਜੀ ਯਾਦੂ (ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ) ਵੱਲੋਂ ਝੰਡਾ ਲਹਿਰਾ ਕੇ ਕੀਤਾ ਗਿਆ। ਉਨ੍ਹਾਂ ਦੇ ਨਾਲ ਸ. ਜੋਗਿੰਦਰ ਸਿੰਘ ਜੀ ਓਬਰਾਏ( ਮੈਂਬਰ ਲੋਕਲ ਮੈਨੇਜਿੰਗ ਕਮੇਟੀ), ਸ.ਸਨਦੀਪ ਸਿੰਘ ਜੀ( ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਕੋਟਾਂ), ਮਾਸਟਰ ਸ. ਬਲਵਿੰਦਰ ਸਿੰਘ ਜੀ, ਸ. ਹਰਜਿੰਦਰ ਸਿੰਘ ਜੀ ਚਹਿਲ ਅਤੇ ਸ. ਇਕਬਾਲ ਸਿੰਘ ਜੀ ( ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ) ਨੇ ਵੀ ਸ਼ਮੂਲੀਅਤ ਕੀਤੀ । ਇਸ ਉਪਰੰਤ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਪੇਸ਼ ਕਰਦੇ ਹੋਏ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਖਿਡਾਰੀਆਂ ਨੇ ਖੇਡਾਂ ਦੀ ਸ਼ਪਥ ਲੈ ਕੇ ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਖੇਡਣ ਦਾ ਵਚਨ ਦਿੱਤਾ। ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ,ਡਿਸਕਸ ਥਰੋ,ਸਾੱਟ ਪੁੱਟ, ਚਮਚਾ ਰੇਸ , ਰੱਸਾਕੱਸੀ, ਲੌਂਗ ਜੰਪ, ਬੋਰੀ ਰੇਸ ਅਤੇ ਤਿੰਨ ਟੰਗੀ ਰੇਸ ਵਰਗੇ ਕਈ ਰੋਮਾਂਚਕ ਮੁਕਾਬਲੇ ਕਰਵਾਏ ਗਏ। ਲੜਕਿਆਂ ਅਤੇ ਲੜਕੀਆਂ ਦੋਹਾਂ ਵਰਗਾਂ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦਰਸ਼ਕਾਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ, ਜਿਸ ਨਾਲ ਮੈਦਾਨ ਵਿੱਚ ਰੌਣਕ ਬਣੀ ਰਹੀ। ਵੱਖ-ਵੱਖ ਹਾਊਸਾਂ ਵਿਚਕਾਰ ਟੱਕਰ ਕਾਫ਼ੀ ਦਿਲਚਸਪ ਰਹੀ। ਕੁੱਲ ਅੰਕਾਂ ਦੇ ਆਧਾਰ ‘ਤੇ ਸਰਵੋਤਮ ਹਾਊਸ ਦਾ ਐਲਾਨ ਕੀਤਾ ਗਿਆ। ਬਿਹਤਰੀਨ ਖਿਡਾਰੀ ਦਾ ਖ਼ਿਤਾਬ ਲੜਕਿਆਂ ਵਿੱਚੋਂ ਵਿਸ਼ਵਜੀਤ ਸਿੰਘ ਅਤੇ ਲੜਕੀਆਂ ਵਿੱਚੋਂ ਸਿਮਰਦੀਪ ਕੌਰ ਨੇ ਜਿੱਤਿਆ । ਜੇਤੂ ਖਿਡਾਰੀਆਂ ਨੂੰ ਮੈਡਲ, ਟ੍ਰਾਫੀਆਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਸਿੱਖਿਆ ਦਾ ਅਟੁੱਟ ਹਿੱਸਾ ਹਨ ਅਤੇ ਇਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਨੇਤ੍ਰਿਤਵ ਗੁਣਾਂ ਦਾ ਵਿਕਾਸ ਕਰਦੀਆਂ ਹਨ। ਉਨ੍ਹਾਂ ਨੇ ਸਮੂਹ ਸਟਾਫ ਅਤੇ ਆਯੋਜਕ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ । ਮੁੱਖ ਮਹਿਮਾਨ ਨੇ ਵੀ ਖਿਡਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਇਨਾਮ ਵੰਡ ਸਮਾਰੋਹ ਅਤੇ ਰਾਸ਼ਟਰ ਗਾਨ ਨਾਲ ਪ੍ਰੋਗਰਾਮ ਦਾ ਸਮਾਪਨ ਕੀਤਾ ਗਿਆ। 24ਵੀਂ ਅਥਲੈਟਿਕ ਮੀਟ ਨੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਸਿਹਤ ਪ੍ਰਤੀ ਜਾਗਰੂਕਤਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਹ ਸਮਾਗਮ ਕਾਲਜ ਦੇ ਇਤਿਹਾਸ ਵਿੱਚ ਇਕ ਯਾਦਗਾਰ ਅਧਿਆਇ ਵਜੋਂ ਦਰਜ ਹੋ ਗਿਆ।