ਕਵਿਤਾ ' ਜੀਭ '

ਕਵਿਤਾ   ' ਜੀਭ '

 ਜਿਸ ਨੇ ਆਪਣੀ ਜੀਭ ਸੰਭਾਲ਼ੀ ਰੱਖੀ ਹੈ | 

ਉਸ ਨੇ ਹਰ ਇੱਕ ਬਿਪਤਾ ਟਾਲ਼ੀ ਰੱਖੀ ਹੈ | 

 ਸ਼ਾਇਦ ਕੋਈ ਨਜ਼ਰ ਸਵੱਲੀ ਹੋ ਜਾਊ, 

ਏਸੇ ਕਰ ਕੇ ਦਾਹੜੀ ਕਾਲ਼ੀ ਰੱਖੀ ਹੈ? 

 ਗਲ਼ੇ ਲਗਾਉਂਦੇ ਸਾਰ ਮੁਬਾਰਕਬਾਦ ਕਿਹਾ, 

ਐਪਰ ਦਿਲ ਵਿੱਚ ਨਫ਼ਰਤ ਪਾਲ਼ੀ ਰੱਖੀ ਹੈ| 

 ਕੁੱਲੀ, ਗੁੱਲੀ, ਜੁੱਲੀ ਵਾਲ਼ੇ ਹੋ ਗਏ ਹਾਂ, 

ਹੋਰ ਕੋਈ ਨਾ ਇੱਛਾ ਬਾਹਲ਼ੀ ਰੱਖੀ ਹੈ |

 ਮੌਕੇ ਦੇ ਹਥਿਆਰਾਂ ਨੇ ਕੰਮ ਆਉਣਾ ਹੈ, 

ਨਾ ਪਿਸਤੌਲ, ਬੰਦੂਕ ਦੋਨਾਲ਼ੀ ਰੱਖੀ ਹੈ | 

 ਪੋਤੇ ਨੇ ਨਾ ਭੁੱਲਿਆ ਦੌਰ 'ਚੌਰਾਸੀ' ਦਾ , 

ਬਾਪੂ ਹੋਰਾਂ ਯਾਦ 'ਸੰਤਾਲ਼ੀ' ਰੱਖੀ ਹੈ | 

 ਨਿੱਗਰ ਸੋਚ ਤੇ ਵੱਖਰੀ ਜੀਵਨ -ਸ਼ੈਲੀ ਹੈ, 

ਨੀਤ ਕਦੇ ਨਾ ਨੀਚਾਂ ਵਾਲ਼ੀ ਰੱਖੀ ਹੈ | 

 ਮਾਤਾ ਦਿਸਦੀ ਏ ਵੱਡੀ ਭਰਜਾਈ 'ਚੋਂ, 

ਧੀਆਂ -ਭੈਣਾਂ ਜਾਣ ਕੇ ਸਾਲ਼ੀ ਰੱਖੀ ਹੈ | 

 ਸਦਕੇ ਜਾਈਏ 'ਬੁੱਟਰ' ਤੇਰੀ ਸ਼ਾਇਰੀ ਤੋਂ, 

ਹਰ ਘਟਨਾ 'ਚੋਂ ਕਵਿਤਾ ਭਾਲ਼ੀ ਰੱਖੀ ਹੈ |

ਲੈਕਚਰਾਰ ਤਰਸੇਮ ਸਿੰਘ ਬੁੱਟਰ 

Disclaimer: The facts and information in this news article are sourced from a press release or reported by our reporter. Punjab Infoline does not take any editorial or other responsibility for the same.