ਸਰਦੀ ਦੀਆਂ ਛੁਟੀਆਂ ਹੋਣ ਨਾਲ ਅੰਮ੍ਰਿਤਸਰ ਆਉਣ ਵਾਲੇ ਯਾਤਰੂਆਂ 'ਚ ਹੋਇਆ ਭਾਰੀ ਵਾਧਾ

ਜਿਥੇ ਕਿ ਸਾਡੇ ਦੇਸ਼ ਦੇ ਲਗਭਗ ਸਾਰੇ ਹਿਸਿਆਂ ਵਿਚ 25 ਦਸੰਬਰ ਤੋਂ ਸਰਦੀ ਦੀਆਂ ਛੁਟੀਆਂ ਪੈ ਜਾਂਦੀਆਂ ਹਨ ਉਥੇ ਹੀ ਦੁਨੀਆਂ ਭਰ ਵਿਚ ਵੀ ਕ੍ਰਿਸਮਿਸ ਦੇ ਤਿਉਹਾਰ ਦੇ ਨਾਲ ਕੁਝ ਦਿਨਾਂ ਦੀਆਂ ਛੁਟੀਆਂ ਹੁੰਦੀਆਂ ਹਨ l ਇਹਨਾਂ ਛੁਟੀਆਂ ਨੂੰ ਲੈ ਕੇ ਹੀ ਅੱਜ ਕਲ੍ਹ ਲੋਕ ਆਪਣੇ ਪਰਿਵਾਰ ਨਾਲ ਕਿਸੇ ਨਾ ਕਿਸੇ ਥਾਂ ਤੇ ਘੁਮਣ ਲਈ ਜਾ ਰਹੇ ਹਨ l ਟੂਰਿਸਟ ਪ੍ਲੇਸ ਦੇ ਨਾਤੇ ਅੰਮ੍ਰਿਤਸਰ ਸ਼ਹਿਰ ਵੀ ਬਹੁਤ ਮਸ਼ਹੂਰ ਸਥਾਨ ਹੈ ਜਿਥੇ ਭਾਰੀ ਗਿਣਤੀ ਵਿਚ ਦੇਸ਼-ਦੁਨੀਆਂ ਤੋਂ ਲੋਕ ਪਰਿਵਾਰ ਨਾਲ ਘੁਮਣ ਲਈ ਅਤੇ ਵਿਸ਼ੇਸ਼ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ l 25 ਦਸੰਬਰ ਤੋਂ ਹੋਈਆਂ ਛੁਟੀਆਂ ਤੋਂ ਬਾਅਦ ਅੰਮ੍ਰਿਤਸਰ ਵਿਖੇ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ l ਕੜਾਕੇ ਦੀ ਠੰਡ ਪੈਣ ਦੇ ਬਾਵਜੂਦ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਅੰਮ੍ਰਿਤਸਰ ਆ ਰਹੇ ਹਨ ਜਿਸ ਕਰਕੇ ਸ਼ਹਿਰ ਦੇ ਸਾਰੇ ਹੋਟਲ ਅਤੇ ਸਰਾਵਾਂ ਲਗਭਗ ਫੁਲ ਹਨ l ਰੋਜਾਨਾ ਵੱਡੀ ਗਿਣਤੀ ਵਿਚ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ l ਇਸ ਦੇ ਨਾਲ ਹੀ ਯਾਤਰੂ ਜਲਿਆਂਵਾਲਾ ਬਾਗ, ਸ੍ਰੀ ਦੁਰਗਿਆਨਾ ਤੀਰਥ, ਅਟਾਰੀ-ਵਾਘਾ ਬਾਰਡਰ ਅਤੇ ਰਾਮ ਤੀਰਥ ਆਦਿ ਵਿਖੇ ਜਾ ਰਹੇ ਹਨ l ਦਿਨ ਬ ਦਿਨ ਯਾਤਰੂਆਂ ਦੀ ਗਿਣਤੀ ਵਿਚ ਇਜ਼ਾਫ਼ਾ ਹੋ ਰਿਹਾ ਹੈ ਅਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਵੀ ਪੁਖਤਾ ਇੰਤੀਜ਼ਾਮਾਤ ਕੀਤੇ ਗਏ ਹਨ l