ਰਾਜਪੁਰਾ, 30 ਅਕਤੂਬਰ (ਰਾਜੇਸ਼ ਡਾਹਰਾ ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਸਾਇੰਸ ਵਿਸ਼ਿਆਂ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਦੇ ਮਿਆਰ ਵਿਚ ਸੁਧਾਰ ਕਰਨ ਲਈ ਮੈਨੇਜਮੈਂਟ ਸੁਸਾਇਟੀ ਵੱਲੋਂ ਕਾਲਜ ਨੂੰ ਨਵੀਂ ਅਤਿ- ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਲੈਬਾਂ ਦਾ ਨਿਰਮਾਣ ਕਰਵਾਉਣ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਵਾਈਸ ਚੇਅਰਮੈਨ ਪੀ ਆਰ ਟੀ ਸੀ ਪੰਜਾਬ, ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ ਕੁਮਾਰ ਵਾਈਸ ਚੇਅਰਮੈਨ ਪੈਪਸੂ ਬੋਰਡ ਪੰਜਾਬ ਦੀ ਅਗਵਾਈ ਹੇਠ ਮੈਨੇਜਮੈੰਟ ਵੱਲੋਂ ਕਰੀਬ ਇਕ ਕਰੋੜ ਦੀ ਲਾਗਤ ਨਾਲ ਨਿਰਮਾਣ ਕਾਰਜ ਆਰੰਭ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਹੋਏ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਪਹੁੰਚੇ ਸ. ਗੁਰਿੰਦਰ ਸਿੰਘ ਦੂਆ ਵਾਈਸ ਚੇਅਰਮੈਨ ਪੀ ਆਰ ਟੀ ਸੀ ਪੰਜਾਬ ਤੇ ਪ੍ਰਧਾਨ ਪਟੇਲ ਮੈਮੋਰੀਅਲ ਮੈਨੇਜਮੈੱਟ ਸੁਸਾਇਟੀ ਨੇ ਆਪਣੇ ਕਰ-ਕਮਲਾਂ ਨਾਲ ਨਵੇਂ ਸਾਇੰਸ ਵਿਭਾਗ ਦੀ ਇਮਾਰਤ ਦੇ ਨਿਰਮਾਣ ਦਾ ਨੀੰਹ ਪੱਥਰ ਰੱਖਿਆ। ਇਸ ਮੌਕੇ ਵਿਸ਼ੇਸ ਤੌਰ 'ਤੇ ਸਾਬਕਾ ਪ੍ਰਧਾਨ ਸ੍ਰੀ ਦੇਵਕੀ ਨੰਦਨ, ਸ੍ਰੀ ਪੀ. ਸੀ. ਭਟੇਜਾ, ਸਾਬਕਾ ਜਰਨਲ ਸੈਕਟਰੀ ਸ੍ਰੀ ਮਹਿੰਦਰ ਸਹਿਗਲ, ਸ੍ਰੀ ਕੁਲਭੂਸ਼ਨ ਅਗਰਵਾਲ, ਸ੍ਰੀ ਸ਼ਾਮ ਲਾਲ ਆਨੰਦ, ਮੈਂਬਰ ਸ੍ਰੀ ਚੇਤਨ ਦਾਸ ਅਹੂਜਾ, ਸ਼੍ਰੀ ਜੇ ਐੱਲ ਚੌਧਰੀ, ਸ੍ਰੀ ਓਮ ਪ੍ਰਕਾਸ਼ ਭਟੇਜਾ, ਸ੍ਰੀ ਰਾਜ ਕੁਮਾਰ ਚੌਧਰੀ, ਸ੍ਰੀ ਸ਼ਾਮ ਲਾਲ ਚਾਵਲਾ, ਸ੍ਰੀ ਸ਼ਿਵ ਕੁਮਾਰ ਜਲਾਨ, ਸ੍ਰੀ ਵਿੱਦਿਆ ਰਤਨ ਆਰੀਆ ਸਮਾਗਮ 'ਚ ਸ਼ਾਮਲ ਹੋਏ। ਜਿਥੇ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਬੋਧਨ ਕਰਦੇ ਹੋਏ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਵਾਈਸ ਚੇਅਰਮੈਨ ਪੀ ਆਰ ਟੀ ਸੀ ਨੇ ਕਿਹਾ ਕਿ ਕਾਲਜ ਪ੍ਰਬੰਧਕੀ ਕਮੇਟੀ ਦਾ ਟੀਚਾ ਵਿਦਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਾ ਹੈ। ਉਨ੍ਹਾਂ ਕਿਹਾ ਨਵੇਂ ਸਾਇੰਸ ਬਲਾਕ ਵਿਚ ਅਤਿ ਆਧੁਨਿਕ ਕੈਮਿਸਟਰੀ, ਜੂਆਲੋਜੀ, ਫਿਜ਼ਿਕਸ ਤੇ ਬਾਟਨੀ ਲੈਬਾਂ ਦਾ ਨਿਰਮਾਣ ਕੀਤਾ ਜਾਵੇਗਾ। ਸ. ਦੂਆ ਨੇ ਕਿਹਾ ਕਿ ਜਿਥੇ ਲੰਬੇ ਸਮੇਂ ਤੋਂ ਬੰਦ ਪਈ ਕਾਲਜ ਦੀਆਂ ਗਰਾਂਟਾਂ ਨੂੰ ਯੂਜੀਸੀ ਵੱਲੋਂ ਮੁੜ ਖੋਲ੍ਹਣ ਨਾਲ ਕਾਲਜ ਮੁੜ ਤਰੱਕੀ ਦੀ ਰਾਹ 'ਤੇ ਦੌੜੇਗਾ, ਉੱਥੇ ਹੀ ਕਾਲਜ 'ਚ ਪੜ੍ਹਾਈ ਕਰ ਰਹੇ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਤੇ ਮੀਡੀਆ ਦੇ ਲਗਭਗ 2 ਹਾਜ਼ਰ ਵਿਦਿਆਰਥੀਆਂ ਲਈ ਵੱਖਰੇ-ਵੱਖਰੇ ਵਿਭਾਗ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਰਾਜਪੁਰਾ ਸ਼ਹਿਰ ਦੇ ਇਕਲੋਤੇ ਕਾਲਜ ਦਾ ਇੰਫਰਾਸਟਰਕਚਰ ਆਧੁਨਿਕਤਾ ਪੱਖੋਂ ਸਪੰਨ ਹੋ ਸਕੇ। ਸ. ਦੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟੇਲ ਕਾਲਜ 'ਚ ਦਿਹਾਤੀ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸਸਤੀ ਅਤੇ ਮਿਆਰੀ ਵਿਦਿਆ ਮੁਹਾਇਆ ਕਰਵਾਉਣ ਦੇ ਨਾਲ-ਨਾਲ ਸਮੇਂ ਦੇ ਹਾਣੀ ਬਣਾਉਣ ਲਈ ਮਿਆਰੀ ਅਧਿਆਪਨ ਤੇ ਅਧਿਐਨ ਦਾ ਮੌਕੇ ਦਿੱਤਾ ਜਾਦਾ ਹੈ। ਸ. ਗੁਰਿੰਦਰ ਸਿੰਘ ਦੂਆ ਨੇ ਪੰਜਾਬ ਸਰਕਾਰ ਦੇ ਏਜੰਡੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਵੀ ਉਚੇਰੀ ਸਿੱਖਿਆ ਦੇ ਖੇਤਰ ਪ੍ਰਤੀ ਦ੍ਰਿੜ ਨਿਸ਼ਚੇ ਨਾਲ ਕੰਮ ਕਰ ਰਹੀ ਹੈ ਅਤੇ ਪਟੇਲ ਕਾਲਜ ਦੀ ਤਰੱਕੀ ਲਈ ਵੀ ਸਰਕਾਰੀ ਤੰਤਰ ਨਾਲ ਤਾਲਮੇਲ ਬਣਾਇਆ ਜਾਵੇਗਾ। ਇਸ ਮੌਕੇ ਵਾਇਸ ਪ੍ਰਿੰਸੀਪਲ ਡਾ.ਪਵਨ ਕੁਮਾਰ, ਡੀਨ ਡਾ. ਸੁਰੇਸ਼ ਨਾਇਕ ਤੇ ਪ੍ਰੋ. ਰਾਜੀਵ ਬਾਹੀਆ ਸਮੇਤ ਸਮੂਹ ਸਟਾਫ਼ ਹਾਜ਼ਰ ਰਿਹਾ।