ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ

8 ਮਾਰਚ,ਦੋਰਾਹਾ,(ਅਮਰੀਸ਼ ਆਨੰਦ) ਅੱਜ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਸੱਭਿਆਚਾਰਕ ਗੀਤਵਿਧੀਆਂ ਵਿਭਾਗ ਵੱਲੋਂ ਪਾਸਾਰ ਗਤੀਵਿਧੀਆਂ ਸੈੱਲ ਦੇ ਸਹਿਯੋਗ ਨਾਲ਼ ਅੰਤਰ‑ਰਾਸ਼ਟਰੀ ਔਰਤ ਦਿਵਸ ਮਨਾਉਂਦਿਆਂ ਇੱਕ ਵਿਸਤਾਰ ਭਾਸ਼ਣ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਏ ਆਈ ਦੇ ਮਾਹਿਰ ਮਿਸ ਕੋਮਲ ਚੋਪੜਾ ਲੇਖੀ ਨੇ ਬਤੌਰ ਸਰੋਤ ਵਿਅਕਤੀ ਸ਼ਿਰਕਤ ਕੀਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ. ਪਵਿੱਤਰਪਾਲ ਸਿੰਘ ਪਾਂਗਲੀ ਅਤੇ ਡਾ. ਮਲਵਿੰਦਰ ਸਿੰਘ ਮਲ੍ਹੀ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੇ ਆਰੰਭ ਵਿੱਚ ਡੀਨ ਪਾਸਾਰ ਗਤੀਵਿਧੀਆਂ ਡਾ. ਲਵਲੀਨ ਬੈਂਸ ਨੇ ਸਰੋਤ ਵਿਅਕਤੀ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮਿਸ ਕੋਮਲ ਲੇਖੀ ਨੇ ਵਿਦਿਆਰਥੀਆਂ ਨਾਲ਼ ਆਪਣੇ ਵਿਚਾਰ ਸਾਂਝੇ ਕਰਦਿਆਂ ਮਸ਼ੀਨੀ ਬੁੱਧੀ ਦੇ ਅਜੋਕੇ ਸਮੇਂ ਵਿੱਚ ਲੜਕੀਆਂ ਨੂੰ ਆਤਮ‑ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਡਿਜੀਟਲ ਮਾਰਕਿਟਿੰਗ ਰਾਹੀਂ ਪੈਸਾ ਕਮਾਉਣ ਦੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਡਾ. ਮਲਵਿੰਦਰ ਸਿੰਘ ਮਲ੍ਹੀ ਨੇ ਵਿਦਿਆਰਥੀਆਂ ਨੂੰ ਆਪਣੀ ਆਮਦਨ ਦੇ ਸਾਧਨ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ। ਇਸ ਅਵਸਰ ’ਤੇ ਕਾਲਜ ਵਲੋਂ ਸਰੋਤ ਵਿਅਕਤੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਨਿਧੀ ਸਰੂਪ ਅਤੇ ਕੋ-ਡੀਨ ਪ੍ਰੋ. ਰਾਮਪਾਲ ਬੰਗਾ ਦੀ ਅਗਵਾਈ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ ਅਤੇ ਗੀਤ ਨਾਟਕ ਦੀ ਪੇਸ਼ਕਾਰੀ ਕਰਦਿਆਂ ਔਰਤ ਦੇ ਸਮਾਜ ਵਿੱਚ ਸਥਾਨ ਤੇ ਯੋਗਦਾਨ ਨੂੰ ਯਾਦ ਕੀਤਾ। ਇਸ ਅਵਸਰ ’ਤੇ ਕਾਲਜ ਵੱਲੋਂ ਦੋਰਾਹਾ ਇਲਾਕੇ ਦੇ ਸਕੂਲਾਂ ਵਿੱਚ ਸੇਵਾ ਨਿਭਾਅ ਰਹੇ ਮਹਿਲਾ ਪ੍ਰਿੰਸੀਪਲ ਸਾਹਿਬਾਨ ਡਾ. ਅਮਨਦੀਪ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੀਜਾ), ਸ਼੍ਰੀਮਤੀ ਹਰਵਿੰਦਰ ਰੂਪਰਾਏ ਕੌਰ, (ਸਕੂਲ ਆਫ਼ ਐਮੀਨੈਂਸ, ਦੋਰਾਹਾ), ਵਾਈਸ-ਪ੍ਰਿੰਸੀਪਲ ਸ਼੍ਰੀਮਤੀ ਹਰਦੀਪ ਕੌਰ (ਸ਼ਕਤੀ ਪਬਲਿਕ ਸਕੂਲ, ਸਾਹਨੇਵਾਲ਼) ਅਤੇ ਵਾਈਸ-ਪ੍ਰਿੰਸੀਪਲ ਸ਼੍ਰੀਮਤੀ ਸਰਬਜੀਤ ਕੌਰ (ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ) ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸੰਬੋਧਨ ਕਰਦਿਆਂ ਸਾਰਿਆਂ ਨੂੰ ਅੰਤਰ‑ਰਾਸ਼ਟਰੀ ਔਰਤ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਔਰਤ ਨੂੰ ਸਮਾਜ ਵਿੱਚ ਸਨਮਾਨ ਤੇ ਬਣਦਾ ਸਥਾਨ ਦੇਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ. ਪਵਿੱਤਰਪਾਲ ਸਿੰਘ ਪਾਂਗਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਕਤੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਨਵਿੰਦਰ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਸਨ।ਇਸ ਪ੍ਰੋਗਰਾਮ ਦੇ ਸਫਲਤਾਪੂਰਵਕ ਆਯੋਜਨ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ।