-
ਪੰਥਕ ਮਸਲੇ ਅਤੇ ਖ਼ਬਰਾਂ
-
Sat Aug,2020
ਤਲਵੰਡੀ ਸਾਬੋ, 16 ਅਗਸਤ (ਗੁਰਜੰਟ ਸਿੰਘ ਨਥੇਹਾ)- ਖ਼ਾਲਿਸਤਾਨ ਪੱਖੀ ਕੁੱਝ ਸਿੱਖ ਜਥੇਬੰਦੀਆਂ ਵੱਲੋਂ ਖ਼ਾਲਿਸਤਾਨ ਦੇ ਪੱਖ ਵਿੱਚ ਕਰਵਾਈ ਜਾ ਰਹੀ ਵੋਟਿੰਗ ਅਤੇ ਬੀਤੇ ਕੱਲ੍ਹ 14 ਅਗਸਤ ਨੂੰ ਮੋਗਾ ਸ਼ਹਿਰ ਦੀ ਇੱਕ ਸਰਕਾਰੀ ਇਮਾਰਤ ਉੱਪਰ ਖ਼ਾਲਿਸਤਾਨ ਦਾ ਝੰਡਾ ਚੜ੍ਹਾਏ ਜਾਣ ਤੋਂ ਬਾਅਦ ਤਲਵੰਡੀ ਸਾਬੋ ਦੀ ਪੁਲਿਸ ਨੇ ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨ ਦਾ ਮਨ ਬਣਾ ਲਿਆ ਲਗਦਾ ਹੈ ਜਿਸ ਦੇ ਚਲਦਿਆਂ ਬੀਤੀ ਕੱਲ ਸ਼ੁਕਰਵਾਰ ਵਾਲੇ ਦਿਨ ਆਪਣੀ ਸਿੱਖ ਰਹਿਤ ਮਰਿਆਦਾ ਅਨੁਸਾਰ ਤਖਤ ਸ੍ਰੀ ਦਮਦਮਾ ਸਾਹਿਬ ਅਰਦਾਸ ਕਰਨ ਪਹੁੰਚੇ ਸਿੱਖ ਨੌਜਵਾਨਾਂ ਵਿੱਚੋਂ ਬਹੁਤਿਆਂ ਨੂੰ ਪੁੱਛ ਪੜਤਾਲ ਦੇ ਨਾਮ 'ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 14 ਅਗਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਿਸਤਾਨ ਪੱਖੀ ਕੁੱਝ ਸਿੰਘਾਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਖਾਲਿਸਤਾਨ ਪੱਖੀ ਅਰਦਾਸ ਦੀ ਵੀਡੀਓ ਬਣਾ ਕੇ 15 ਅਗਸਤ ਵਾਲੇ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਜਿਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਲਾਕੇ ਵਿੱਚ ਕਿਸੇ ਸੰਭਾਵੀ ਗੜਬੜ ਦੇ ਖਦਸ਼ੇ ਨੂੰ ਲੈ ਕੇ ਪੁਲਿਸ ਦੇ ਸਾਹ ਫੁੱਲ ਗਏ। ਉਕਤ ਅਰਦਾਸ ਵਾਲੀ ਵਾਇਰਲ ਵੀਡੀਓ ਵਿੱਚ ਕੋਈ ਵੀ ਚਿਹਰਾ ਅਰਦਾਸ ਕਰਦਾ ਭਾਵੇਂ ਨਜ਼ਰ ਨਹੀਂ ਆਇਆ ਪ੍ਰੰਤੂ ਪੁਲਿਸ ਨੇ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਪੜਤਾਲ ਦੇ ਨਾਮ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਅਰਦਾਸ ਦੀ ਆਵਾਜ਼ ਵਾਲੀ ਵੀਡੀਓਕ ਵਿੱਚ ਮੌਕੇ 'ਤੇ ਤਖ਼ਤ ਸਾਹਿਬ ਦੇ ਦਰਸ਼ਨ ਲਈ ਜਾ ਰਹੇ ਸਨ। ਇਸ ਪੜਤਾਲ ਦੌਰਾਨ ਪੁਲਿਸ ਵੱਲੋਂ ਤਖਤ ਸਾਹਿਬ ਦੇ ਮੈਨੇਜਰ ਸਾਹਿਬ ਦੇ ਦਫ਼ਤਰ ਬੁਲਾ ਕੇ ਅਰਦਾਸ ਕਰਨ ਵਾਲੇ ਸਿੰਘਾਂ ਦੀ ਪਛਾਣ ਕਰਨ ਦੇ ਨਾਮ ਹੇਠ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਭਾਈ ਪਰਮਜੀਤ ਸਿੰਘ ਮੈਨੇਜਰ ਤਖ਼ਤ ਸਾਹਿਬ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜੋ ਜਾਣਕਾਰੀ ਸਾਥੋਂ ਚਾਹੀਦੀ ਸੀ ਉਹ ਪੁਲਿਸ ਨੇ ਲੈ ਲਈ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸੀ ਸੀ ਟੀ ਵੀ ਫੁਟੇਜ ਪੁਲਿਸ ਵੱਲੋਂ ਪ੍ਰਾਪਤ ਕਰ ਲਈ ਗਈ ਹੈ ਅਤੇ ਪੁਲਿਸ ਖ਼ਾਲਸਾ ਰਾਜ ਦੀ ਅਰਦਾਸ ਕਰਨ ਵਾਲੇ ਉਕਤ ਵਿਅਕਤੀਆਂ ਦੀ ਤਲਾਸ਼ ਕਰਨ ਵਿੱਚ ਲੱਗੀ ਹੋਈ ਹੈ। ਉਧਰ ਜਦੋਂ ਕੀਤੀ ਜਾ ਰਹੀ ਇਸ ਪੜਤਾਲ ਸੰਬੰਧੀ ਡੀ ਐੱਸ ਪੀ ਨਰਿੰਦਰ ਸਿੰਘ ਤੋਂ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਅਜੇ ਪੜਤਾਲ ਚੱਲ ਰਹੀ ਹੈ। ਜਦੋਂ ਕਿ ਬਹੁਤ ਹੀ ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਨੇ ਉਕਤ ਦੋਵਾਂ ਵਿਅਕਤੀਆਂ ਦਾ ਪਤਾ ਲਗਾ ਲਿਆ ਹੈ ਅਤੇ ਉਹ ਦੋਵੇਂ ਵਿਅਕਤੀ ਬਾਜ ਸਿੰਘ ਪੁੱਤਰ ਕੌਰ ਸਿੰਘ (ਐੱਸ ਸੀ) ਨਸੀਬਪੁਰਾ ਅਤੇ ਨਿਰਮਲ ਸਿੰਘ ਪੁੱਤਰ ਪਿਆਰਾ ਸਿੰਘ ਕੋਟ ਸ਼ਮੀਰ ਜੱਟ ਸਿਖ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਪ੍ਰੰਤੂ ਪੁਲਿਸ ਵੱਲੋਂ ਇਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ।