ਪਟਿਆਲਾ 'ਚ 20 ਤੋਂ 30 ਅਪ੍ਰੈਲ ਤੱਕ ਲਗੇਗਾ 7ਵਾਂ ਮੈਗਾ ਰੋਜ਼ਗਾਰ ਮੇਲਾ

ਪਟਿਆਲਾ, 20 ਮਾਰਚ(ਪੀ ਐੱਸ ਗਰੇਵਾਲ)-ਪੰਜਾਬ ਸਰਕਾਰ ਦੇ'ਘਰ ਘਰ ਰੋਜ਼ਗਾਰ' ਮਿਸ਼ਨ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੰਜਾਬ ਸਰਕਾਰ ਵੱਲੋਂ 7ਵਾਂ ਮੈਗਾ ਰੋਜ਼ਗਾਰ ਮੇਲਾ ਪਟਿਆਲਾ ਵਿਖੇ ਅਪ੍ਰੈਲ-2021 ਦੌਰਾਨ ਕੋਵਿਡ-19 ਦੀ ਮਹਾਂਮਾਰੀ ਨਾਲ ਸਬੰਧਤ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਿਤੀ 20 ਅਪ੍ਰੈਲ ਤੋਂ 30 ਅਪ੍ਰੈਲ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ 20 ਅਪ੍ਰੈਲ ਨੂੰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ, 22 ਅਪ੍ਰੈਲ ਨੂੰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, 23 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ (ਲੜਕੇ) ਨਾਭਾ ਰੋਡ, ਪਟਿਆਲਾ ਅਤੇ 27 ਅਪ੍ਰੈਲ ਨੂੰ ਸਰਕਾਰੀ ਕਾਲਜ ਲੜਕੀਆਂ ਵਿਖੇ ਸਵੇਰੇ 9 ਵਜੇ ਤੋਂ ਰੋਜ਼ਗਾਰ ਮੇਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਵਿਚ ਭਾਗ ਲੈਣ ਲਈ ਪ੍ਰਾਰਥੀ ਆਪਣੇ ਆਪ ਨੂੰ www.pgrkam.com 'ਤੇ ਰਜਿਸਟਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਕਿਸੇ ਵੀ ਸਰਕਾਰੀ ਦਫ਼ਤਰੀ ਕੰਮ-ਕਾਜ ਵਾਲੇ ਦਿਨ ਸਵੇਰੇ 9:00 ਵਜੇ ਤੋਂ 5:00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਆ ਸਕਦੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਵਿਚ 30 ਤੋਂ ਵੱਧ ਨਿਯੋਜਕ ਭਾਗ ਲੈਣਗੇ ਅਤੇ 15 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। ਕੰਪਨੀਆਂ ਅਤੇ ਅਸਾਮੀਆਂ ਦਾ ਵੇਰਵਾ 1 ਅਪ੍ਰੈਲ-2021 ਤੋਂ www.pgrkam.com ਪੋਰਟਲ 'ਤੇ ਉਪਲਬਧ ਹੋਵੇਗਾ।