ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਪਹਿਲੀ ਵਾਰ ਅੱਖਾਂ ਦੀ ਸਰਜਰੀ, ਨਵੀਆਂ ਹਾਈਟੈਕ ਖੂਨ ਜਾਂਚ ਮਸ਼ੀਨਾਂ ਵੀ ਹੋਣਗੀਆਂ ਸ਼ੁਰੂ।

ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਪਹਿਲੀ ਵਾਰ ਅੱਖਾਂ ਦੀ ਸਰਜਰੀ, ਨਵੀਆਂ ਹਾਈਟੈਕ ਖੂਨ ਜਾਂਚ ਮਸ਼ੀਨਾਂ ਵੀ ਹੋਣਗੀਆਂ  ਸ਼ੁਰੂ।

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਸਿਹਤ ਸਹੂਲਤਾਂ ਵਿੱਚ ਇੱਕ ਹੋਰ ਮਹੱਤਵਪੂਰਨ ਵਾਧਾ ਹੋਣ ਜਾ ਰਿਹਾ ਹੈ। ਹਸਪਤਾਲ ਵਿੱਚ ਨਵਾਂ ਅੱਖਾਂ ਦਾ ਆਪ੍ਰੇਸ਼ਨ ਥੀਏਟਰ ਤਿਆਰ ਹੋ ਗਿਆ ਹੈ ਅਤੇ ਹਸਪਤਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਅੱਖਾਂ ਦੀ ਸਰਜਰੀ 21 ਸਤੰਬਰ, ਸੋਮਵਾਰ ਨੂੰ ਸਵੇਰੇ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵੀ ਕਾਂਤ ਗੁਪਤਾ ਨੇ ਦੱਸਿਆ ਕਿ ਅੱਖਾਂ ਦੇ ਨਵੇਂ ਆਪ੍ਰੇਸ਼ਨ ਥੀਏਟਰ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਅੱਖਾਂ ਦੀਆਂ ਸਰਜਰੀਆਂ ਦੀ ਸਹੂਲਤ ਸਥਾਨਕ ਪੱਧਰ ’ਤੇ ਹੀ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਖੂਨ ਦੀ ਜਾਂਚ ਲਈ ਨਵੀਂ ਹਾਈਟੈਕ ਬਾਇਓਕੈਮਿਸਟਰੀ ਆਟੋਐਨਾਲਾਈਜ਼ਰ ਅਤੇ ਸੀਬੀਸੀ 5ਜੀ ਸੈੱਲ ਕਾਊਂਟਰ ਮਸ਼ੀਨਾਂ ਵੀ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚ ਚੁੱਕੀਆਂ ਹਨ। ਇਹ ਨਵੀਆਂ ਮਸ਼ੀਨਾਂ ਵੀ 21 ਸਤੰਬਰ ਤੋਂ ਕਾਰਜਸ਼ੀਲ ਕਰ ਦਿੱਤੀਆਂ ਜਾਣਗੀਆਂ, ਜਿਸ ਨਾਲ ਮਰੀਜ਼ਾਂ ਨੂੰ ਖੂਨ ਦੀ ਜਾਂਚ ਸਬੰਧੀ ਹੋਰ ਬਿਹਤਰ ਅਤੇ ਆਧੁਨਿਕ ਸਹੂਲਤਾਂ ਮਿਲਣਗੀਆਂ। ਐੱਸਐਮਓ ਨੇ ਕਿਹਾ ਕਿ ਹਸਪਤਾਲ ਵਿੱਚ ਨਵੀਆਂ ਸਿਹਤ ਸਹੂਲਤਾਂ ਦੀ ਸ਼ੁਰੂਆਤ ਇਲਾਕਾ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਆਪਣੇ ਸਮੂਹ ਸਟਾਫ਼ ਵੱਲੋਂ ਇਲਾਕਾ ਵਾਸੀਆਂ ਨੂੰ 21 ਸਤੰਬਰ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਨਵੀਆਂ ਸਹੂਲਤਾਂ ਦੀ ਸ਼ੁਰੂਆਤ ਮੌਕੇ ਆਪਣੀਆਂ ਕੀਮਤੀ ਅਸੀਸਾਂ ਦੇਣ ਲਈ ਸੱਦਾ ਦਿੱਤਾ।