ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਧਿਆਪਕ ਅਤੇ ਫੀਲਡ ਸਟਾਫ਼ ਸਨਮਾਨਿਤ

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਧਿਆਪਕ ਅਤੇ ਫੀਲਡ ਸਟਾਫ਼ ਸਨਮਾਨਿਤ

ਤਲਵੰਡੀ ਸਾਬੋ, 02 ਨਵੰਬਰ (ਗੁਰਜੰਟ ਸਿੰਘ ਨਥੇਹਾ)- ਲੋਕਾਈ ਤੱਕ ਗਿਆਨ ਦੇ ਪਸਾਰ ਲਈ ਯਤਨਸ਼ੀਲ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਿਹਨਤੀ ਲਗਨਸ਼ੀਲ ਅਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਅਤੇ ਫੀਲਡ ਸਟਾਫ਼ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ  ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪਰੋ. ਵਾਈਸ ਡਾ. ਜਗਤਾਰ ਸਿੰਘ ਧੀਮਾਨ, ਡਾ. ਪੀਯੂਸ਼ ਵਰਮਾ, ਕੈਂਪਸ ਡਾਇਰੈਕਟਰ ਡਾ. ਹਰਜਸਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ ਡੀਨ, ਅਧਿਕਾਰੀ ਅਤੇ ਅਧਿਆਪਕ ਸ਼ਾਮਿਲ ਹੋਏ। ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਕਿਹਾ ਕਿ ਕਿਸੇ ਵੀ ਅਦਾਰੇ ਦੀ ਕਾਮਯਾਬੀ ਉੱਥੋ ਦੇ ਸਟਾਫ਼ ਅਤੇ ਪ੍ਰਬੰਧਕਾਂ ਦੀ ਕਰਮ-ਨਿਸ਼ਠਾ ਤੇ ਨਿਰਭਰ ਕਰਦੀ ਹੈ। ਉਹਨਾਂ ਦੱਸਿਆ ਕਿ ਸਮਰਪਿਤ ਸਟਾਫ਼ ਅਤੇ ਫੀਲਡ ਟੀਮਾਂ ਸਦਕਾ ਹੀ ਯੂਨੀਵਰਸਿਟੀ ਵਿੱਚ ਇਸ ਸਾਲ 8000 ਤੋਂ ਵੱਧ ਦਾਖ਼ਲੇ ਹੋਏ ਹਨ। ਜੋ ਕਿ ਭਾਰਤ ਦੇ 22 ਰਾਜਾਂ ਅਤੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਸੰਬੰਧਤ ਹਨ। ਉਹਨਾਂ ਇਹ ਵੀ ਕਿਹਾ ਕਿ ਅਕਾਦਮਿਕ ਅਤੇ ਖੋਜ ਖੇਤਰ ਵਿੱਚ ਵਰਸਿਟੀ ਦੀ ਉੱਤਮਤਾ ਪ੍ਰਤੀ ਵਚਨਬੱਧਤਾ ਸਦਕਾ ਜਨਵਰੀ ਅਤੇ ਅਗਸਤ ਸੈਸ਼ਨ ਵਿੱਚ 150 ਤੋਂ ਵੱਧ ਪੀ.ਐੱਚ.ਡੀ. ਖੋਜਾਰਥੀਆਂ ਨੇ ਦਾਖ਼ਲੇ ਲਏ ਹਨ। ਉਨ੍ਹਾਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 110 ਅਧਿਆਪਕਾਂ ਅਤੇ ਸਟਾਫ਼ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਮਾਲੀ ਇਨਾਮਾਂ ਨਾਲ ਵੀ ਉਤਸਾਹਿਤ ਕੀਤਾ। ਵਾਈਸ ਚਾਂਸਲਰ ਡਾ. ਸਿੰਘ ਨੇ ਸਨਮਾਨਿਤ ਸ਼ਖਸੀਅਤਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਰਪਿਤ ਭਾਵਨਾ ਨਾਲ  ਕਾਰਜਸ਼ੀਲ ਅਧਿਆਪਕਾਂ  ਨਾਲ ਯੂਨੀਵਰਸਿਟੀ ਦਾ ਨਾਮ ਉੱਚਾ ਹੋਇਆ ਹੈ। ਉਹਨਾਂ ਡਾ. ਪਰਮਜੀਤ ਸਿੰਘ, ਜਸਵਿੰਦਰ ਸਿੰਘ , ਮੱਖਣ ਸਿੰਘ, ਜਸਵਿੰਦਰ ਬਰਾੜ ਦਾਖ਼ਲਾ ਫੀਲਡ ਟੀਮ ਦੇ ਮੋਹਰੀ ਮੈਂਬਰ ਆਤਮਾ ਸਿੰਘ, ਹਰਪ੍ਰੀਤ ਸਿੰਘ, ਜਗਮੀਤ ਸਿੰਘ ਅਤੇ ਸੁਖਮਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਵਜੋਂ ਜ਼ਿਕਰ ਕੀਤਾ। ਬਾਅਦ ਵਿੱਚ ਡਾਇਰੈਕਟਰ ਦਾਖ਼ਲੇ ਡਾ. ਗੁਰਪ੍ਰੀਤ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸਨਮਾਨਿਤ ਸਟਾਫ਼ ਦੀ ਮਿਹਨਤ, ਦ੍ਰਿੜਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵਰਸਿਟੀ ਦੀ ਸਿੱਖਿਆ ਦਾ ਦਾਇਰਾ ਭਾਰਤ ਦੀ ਸਮੂਹ ਪ੍ਰਦੇਸ਼ਾਂ ਤੇ ਦੁਨੀਆਂ ਦੇ ਹਰ ਦੇਸ਼ਾਂ ਵਿੱਚ ਫੈਲਣ ਦੀ ਆਸ ਪ੍ਰਗਟਾਈ। ਉਹਨਾਂ ਵਰਸਿਟੀ ਪ੍ਰਬੰਧਕਾਂ,  ਅਧਿਆਪਕਾਂ ਅਤੇ ਸਟਾਫ਼ ਵੱਲੋਂ ਮਿਲੇ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ।