ਬੁੰਗਾ ਮਸਤੂਆਣਾ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਹੀਨਾਵਾਰ 'ਪਾਠ ਬੋਧ ਸਮਾਗਮ' ਸੰਪੰਨ; ਸ਼ੁੱਧ ਗੁਰਬਾਣੀ ਉਚਾਰਨ ਅਤੇ ਸੰਥਿਆ ਸਮੇਂ ਦੀ ਅਹਿਮ ਲੋੜ- ਸਿੰਘ ਸਾਹਿਬਾਨ

ਬੁੰਗਾ ਮਸਤੂਆਣਾ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਹੀਨਾਵਾਰ 'ਪਾਠ ਬੋਧ ਸਮਾਗਮ' ਸੰਪੰਨ; ਸ਼ੁੱਧ ਗੁਰਬਾਣੀ ਉਚਾਰਨ ਅਤੇ ਸੰਥਿਆ ਸਮੇਂ ਦੀ ਅਹਿਮ ਲੋੜ- ਸਿੰਘ ਸਾਹਿਬਾਨ

ਤਲਵੰਡੀ ਸਾਬੋ, 02 ਨਵੰਬਰ (ਗੁਰਜੰਟ ਸਿੰਘ ਨਥੇਹਾ)- ਮਹਾਨ ਤਪੱਸਵੀ, ਯੁੱਗ ਪੁਰਸ਼, ਵਿਦਿਆ ਦਾਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਸ਼ਤਾਬਦੀ ਨੂੰ ਅਤਿ ਸ਼ਰਧਾ ਤੇ ਉਤਸ਼ਾਹ ਨਾਲ ਸਮਰਪਿਤ ਕਰਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਸਹਿਯੋਗ ਨਾਲ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਯੋਗ ਅਗਵਾਈ ਹੇਠ ਸੰਤ ਸੇਵਕ ਜਥਾ ਬਾਬਾ ਕਾਕਾ ਸਿੰਘ ਜੀ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਬੋਧ ਸਮਾਗਮ’ ਬੀਤੀ 2 ਅਕਤੂਬਰ ਤੋਂ ਨਿਰੰਤਰ ਚੱਲ ਰਿਹਾ ਸੀ । ਵਿਸ਼ੇਸ਼ 'ਪਾਠ ਬੋਧ ਸਮਾਗਮ' ਪੂਰਨ ਸ਼ਰਧਾ ਅਤੇ ਜਾਹੋ-ਜਲਾਲ ਨਾਲ ਅੱਜ ਸੰਪੰਨ ਹੋ ਗਿਆ। ਇਸ ਸਮਾਪਤੀ ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਪੁੱਜੀਆਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਵਿਦਿਆਰਥੀਆਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸੰਪੂਰਨਤਾ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਇਸ ਇੱਕ ਮਹੀਨੇ ਦੇ ਵਿਸ਼ੇਸ਼ ਸਿਖਲਾਈ ਦੌਰਾਨ ਪ੍ਰਸਿੱਧ ਵਿਦਵਾਨ ਗਿਆਨੀ ਹਰਭਜਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਅਤੇ ਪਾਠ ਬੋਧ ਕਰਵਾਇਆ ਗਿਆ। ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਨੇ ਕਿਹਾ ਕਿ ਮੌਜੂਦਾ ਦੌਰ ਅੰਦਰ ਅਜਿਹੇ ਪਾਠ ਬੋਧ ਸਮਾਗਮਾਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਅਗਿਆਨਤਾ ਵੱਸ ਗੁਰਬਾਣੀ ਪੜ੍ਹਦਿਆਂ ਸਹਿਜੇ ਹੀ ਬਹੁਤ ਸਾਰੀਆਂ ਉਚਾਰਨ ਦੀਆਂ ਗ਼ਲਤੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਗੁਰਬਾਣੀ ਦੇ ਸ਼ੁੱਧ ਅਰਥਾਂ ਦੇ ਅਨਰਥ ਨਿਕਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਹਰ ਇੱਕ ਸ਼ਬਦ ਅਤੇ ਲਗਾਂ-ਮਾਤਰਾਂ ਅਧਿਆਤਮਕ ਭੇਦ ਰੱਖਦੀਆਂ ਹਨ, ਜਿਨ੍ਹਾਂ ਨੂੰ ਸਮਝਣਾ ਹਰੇਕ ਸਿੱਖ ਲਈ ਲਾਜ਼ਮੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਕਿਹਾ ਕਿ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਲਈ ਸੰਥਿਆ ਪ੍ਰਾਪਤ ਕਰਨੀ ਅਤਿ ਜ਼ਰੂਰੀ ਹੈ। ਇਤਿਹਾਸਕ ਪ੍ਰੰਪਰਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, "ਪੁਰਾਤਨ ਸਮਿਆਂ ਅੰਦਰ ਗੁਰਮੁਖਾਂ ਅਤੇ ਮਹਾਂਪੁਰਸ਼ਾਂ ਕੋਲ ਰਹਿ ਕੇ ਬਾਣੀ ਦੀ ਸ਼ੁੱਧ ਸੰਥਿਆ ਗ੍ਰਹਿਣ ਕੀਤੀ ਜਾਂਦੀ ਸੀ, ਜਿੱਥੇ ਪਾਠ ਦੇ ਵਿਆਕਰਣਿਕ ਸ਼ੁੱਧ ਉਚਾਰਨ ਦੇ ਨਾਲ-ਨਾਲ ਪਾਵਨ ਸ਼ਬਦਾਂ ਦੀ ਉਥਾਨਕਾ (ਪਿਛੋਕੜ) ਅਤੇ ਗੂੜ੍ਹ ਰਹੱਸਾਂ ਤੋਂ ਜਾਣੂ ਕਰਵਾਇਆ ਜਾਂਦਾ ਸੀ।" ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੀਆਂ ਇਨ੍ਹਾਂ ਮਹਾਨ ਟਕਸਾਲੀ ਰਵਾਇਤਾਂ ਨੂੰ ਵਿਸਾਰਦੇ ਜਾ ਰਹੇ ਹਾਂ, ਜਿਸ ਦੇ ਸਿੱਟੇ ਵਜੋਂ ਪੰਥ ਅੰਦਰ ਸ਼ੁੱਧ ਪਾਠੀਆਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ। ਉਨ੍ਹਾਂ ਸਮੁੱਚੀ ਕੌਮ ਨੂੰ ਮੁੜ ਬਾਣੀ ਦੇ ਧਾਰਨੀ ਹੋਣ ਅਤੇ ਬੱਚਿਆਂ ਨੂੰ ਸ਼ੁੱਧ ਸੰਥਿਆ ਦਿਵਾਉਣ ਦਾ ਸੱਦਾ ਦਿੱਤਾ। ਸਿੰਘ ਸਾਹਿਬਾਨ ਵੱਲੋਂ ਗਿਆਨੀ ਹਰਭਜਨ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਅਣਥੱਕ ਮਿਹਨਤ ਸਦਕਾ ਸੰਗਤਾਂ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਗਹਿਰ-ਗੰਭੀਰ ਭੇਦਾਂ ਅਤੇ ਸ਼ੁੱਧ ਪਾਠ ਦੀ ਸੋਝੀ ਨਾਲ ਜੋੜਿਆ। ਸਮਾਗਮ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਕਾਕਾ ਸਿੰਘ ਜੀ, ਬਾਬਾ ਸੰਤ ਸਿੰਘ ਪਟਵਾਰੀ ਸਕੱਤਰ ਬੁੰਗਾ ਮਸਤੂਆਣਾ, ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਲਾਚੌਰ, ਗਿਆਨੀ ਪਰਵਿੰਦਰ ਸਿੰਘ ਜੀ ਢੁੱਡੀਕੇ, ਗਿਆਨੀ ਨਛੱਤਰ ਸਿੰਘ ਗਿਆਨੀ ਪਰਵਿੰਦਰ ਸਿੰਘ ਢੁੱਡੀਕੇ, ਗਿਆਨੀ ਸੰਤ ਸਿੰਘ ਜੀ ਪਟਵਾਰੀ, ਬਾਬਾ ਪ੍ਰੀਤਮ ਸਿੰਘ ਮੱਲੜੀ, ਬਾਬਾ ਗੁਰਮੀਤ ਸਿੰਘ ਜੀ ਤਿਰਲੋਕੇ ਵਾਲੇ ਮੈਂਬਰ ਸ਼੍ਰੋਮਣੀ ਗੁ. ਪ੍ਰ. ਕਮੇਟੀ, ਡਾ. ਰਵਿੰਦਰ ਸਿੰਘ ਪ੍ਰਿੰਸੀਪਲ ਸਮੇਤ ਵੱਖ ਵੱਖ ਸਖਸ਼ੀਅਤਾਂ ਹਾਜ਼ਰ ਸਨ।