ਮੁੱਖ ਮੰਤਰੀ ਪੰਜਾਬ ਵੱਲੋ 300 ਯੂਨਿਟ ਬਿਜਲੀ ਮੁਫਤ ਦੇਣ ਦੇ ਐਲਾਣ ਦਾ ਆਪ ਆਗੂਆਂ ਨੇ ਕੀਤਾ ਸੁਆਗਤ

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੋਈਆ ਚੋਣਾਂ ਵੇਲੇ ਲੋਕਾਂ ਨੂੰ ਰਿਆਇਤਾਂ ਦੇਣ ਦੀਆਂ ਦਿੱਤੀਆਂ ਗਈਆਂ ਗਰੰਟੀਆਂ ਵਿੱਚੋਂ ਅੱਜ ਪਹਿਲੀ ਗਾਰੰਟੀ ਦਾ ਵਾਅਦਾ ਪੂਰਾ ਕਰਦੇ ਹੋਏ 1 ਜੁਲਾਈ ਤੋਂ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੇ ਕੀਤਾ ਗਿਆ। ਇਸ ਪਹਿਲੀ ਗਰੰਟੀ ਦਾ ਵਾਅਦਾ ਪੂਰਾ ਕਰਨ ਤੇ ਜਿੱਥੇ ਸਮੁੱਚੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਹਲਕਾ ਤਲਵੰਡੀ ਸਾਬੋ ਵਰਕਰਾਂ ਅਤੇ ਪਾਰਟੀ ਆਗੂਆਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਪ੍ਰਧਾਨ ਕਿਸਾਨ ਵਿੰਗ ਗੁਰਦੀਪ ਸਿੰਘ ਤੂਰ,ਸਰਕਲ ਪ੍ਰਧਾਨ ਬਿੱਕਰ ਸਿੰਘ ਖਾਲਸਾ ਨੇ ਸੁਆਗਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਹੋਈਆ ਚੋਣਾਂ ਦੌਰਾਨ ਹਰ ਵਰਗ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਲੋਭ, ਲਾਲਚ ਦੇ ਆਪਣੀ ਤੇ ਆਪਣੇ ਬੱਚਿਆ ਦੀ ਬੇਹਤਰੀ ਭਲਾਈ ਲਈ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਸਰਕਾਰ ਬਨਾਉਣ ਦਾ ਮੌਕਾ ਦਿੱਤਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪਿਛਲੇ ਇਕ ਮਹੀਨੇ ਤੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਤੇ ਹੁਣ ਇਕ ਜੁਲਾਈ ਤੋਂ ਦੋ ਮਹੀਨੇ ਦੇ ਛੇ ਸੌ ਬਿਜਲੀ ਯੂਨਿਟ ਮੁਫ਼ਤ ਦੇਣ ਦੀ ਪਹਿਲੀ ਗਾਰੰਟੀ ਦੀ ਸ਼ੁਰੂਆਤ ਹੋ ਰਹੀ ਹੈ। ਜਦਕਿ ਇਸ ਤੋਂ ਪਹਿਲਾ ਯੋਗਤਾ ਪ੍ਰਾਪਤ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਵੀ ਵੰਡੇ ਹਨ। ਉਕਤ ਆਗੂਆਂ ਨੇ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਇਕ ਨਵੀਂ ਪਾਰਟੀ ਦੀ ਨਵੀਂ ਸਰਕਾਰ ਨੇ ਇਕ ਮਹੀਨੇ ਅੰਦਰ ਐਨੇ ਕਾਰਜ ਕੀਤੇ ਤੇ ਆਪਣੀਆਂ ਦਿੱਤੀਆਂ ਗਰੰਟੀਆਂ ਵਿਚੋਂ ਪਹਿਲੀ ਨੂੰ ਵੀ ਲਾਗੂ ਕਰ ਦਿੱਤਾ ਹੈ। ਇਹਨਾਂ ਆਗੂਆਂ ਨੇ ਵਿਸਾਖੀ ਮੌਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਰਾਬ ਪੀਤੇ ਹੋਣ ਦੇ ਸੁਖਬੀਰ ਸਿੰਘ ਬਾਦਲ ਵਲੋਂ ਲਾਏ ਇਲਜ਼ਾਮਾਂ ਦੀ ਵੀ ਸਖ਼ਤ ਸਬਦਾਂ ਵਿੱਚ ਵਿਰੋਧ ਕਰਦਿਆਂ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ ਗਿਆ।