ਸਰਕਾਰੀ ਸਕੂਲ ਫੱਤਾਬਾਲੂ ਦਾ ਪਹਿਲਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਹੋਇਆ ਧੂੰਮ ਧੜੱਕੇ ਨਾਲ ਸਮਾਪਤ

ਤਲਵੰਡੀ ਸਾਬੋ, 5 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਫੱਤਾਬਾਲੂ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦਾ ਪਹਿਲਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਿਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਅਤੇ ਧੂੰਮ ਧੜੱਕੇ ਨਾਲ ਸਮਾਪਤ ਹੋਇਆ। ਇਸ ਸਮਾਗਮ ਮੌਕੇ ਪਿੰਡ ਦੀ ਪੰਚਾਇਤ ਅਤੇ ਐਨ ਆਰ ਆਈ ਗੁਰਦੀਪ ਸਿੰਘ ਕਲਾਲਵਾਲਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਭਰੀ।ਇਸ ਮੌਕੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਿਕ ਪ੍ਰੋਗਰਾਮ ਦੌਰਾਨ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਗੁਰਬਾਣੀ ਸ਼ਬਦ ਤੋਂ ਬਾਅਦ ਜੂਬੀ-ਡੂਬੀ, ਆਲੂ ਕਚਾਲੂ ਹਾਥੀ ਰਾਜਾ, ਮੈਂ ਫੈਨ ਭਗਤ ਸਿੰਘ ਦਾ ਤੋਂ ਇਲਾਵਾ ਫੁਲਕਾਰੀ, ਸੰਮੀ ਅਤੇ ਗਿੱਧੇ ਦੀ ਸਫਲ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਜਿੱਥੇ ਸਕਿੱਟ ਅਨਪੜ੍ਹਤਾ ਰਾਹੀਂ ਮਾਪਿਆਂ ਨੂੰ ਬੱਚਿਆਂ ਦੇ ਸਕੂਲ ਭੇਜਣ ਬਾਰੇ ਜਾਗਰੂਕ ਕੀਤਾ ਉੱਥੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੀਤ ਸਿਰਜਨਹਾਰੇ ਦੀ ਪੇਸ਼ਕਾਰੀ ਲਈ ਬੱਚਿਆਂ ਨੇ ਚੰਗੀ ਵਾਹ-ਵਾਹ ਖੱਟੀ। ਸਮਾਗਮ ਦੌਰਾਨ ਮੁੱਖ ਮਹਿਮਾਨ ਸ. ਰਛਪਾਲ ਸਿੰਘ ਫੱਤਾਬਾਲੂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਕਤ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ ਉੱਥੇ ਅੱਜ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਇਸ ਮੌਕੇ ਜਿੱਥੇ ਸਕੂਲ ਪ੍ਰਬੰਧਕਾਂ ਵੱਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਸਰਪੰਚਣੀ ਹਰਪ੍ਰੀਤ ਕੌਰ ਅਤੇ ਸਮੂਹ ਪੰਚਾਇਤ ਵੱਲੋਂ ਬਾਕੀ ਦੇ ਸਾਰੇ ਬੱਚਿਆਂ ਨੂੰ ਉਤਸ਼ਾਹ ਵਧਾਊ ਇਨਾਮ ਦੇਣ ਦੇ ਨਾਲ ਨਾਲ ਪਿੰਡ ਦੀ ਉੱਧਮੀ ਲੜਕੀ ਸਖਵੀਰ ਕੌਰ ਅਤੇ ਸੰਜਮੀ ਨੌਜਵਾਨ ਗੁਰਜੀਤ ਸਿੰਘ ਨੂੰ ਵੀ ਸਨਮਾਨ ਚਿੰਨ੍ਹ ਅਤੇ ਇੱਕ-ਇੱਕ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡਮ ਅਮਨਦੀਪ ਕੌਰ ਨੇ ਇਸ ਮੌਕੇ ਦੱਸਿਆ ਕਿ ਇਹ ਪ੍ਰੋਗਰਾਮ ਰਾਹੀਂ ਉਹਨਾਂ ਦਾ ਮਕਸਦ ਮਾਪਿਆਂ ਨੂੰ ਇਹ ਸੰਦੇਸ਼ ਦੇਣਾ ਸੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਭੇਜਿਆ ਜਾਵੇ। ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਗੁਰਪ੍ਰੀਤ ਕੌਰ ਨੇ ਬਾਖੂਬੀ ਨਿਭਾਈ ਅਤੇ ਸਰਬਜੀਤ ਸਿੰਘ ਕਾਕਾ ਨੇ ਸਮਾਗਮ ਦੌਰਾਨ ਪਹੁੰਚੇ ਪਤਵੰਤਿਆਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮੁਨੀਸ਼ ਗੋਇਲ, ਮੈਡਮ ਕੁਲਦੀਪ ਕੌਰ, ਹਰਮੇਲ ਸਿੰਘ, ਚੇਅਰਮੈਂ ਜੱਗਾ ਸਿੰਘ ਅਤੇ ਸ਼ਿਕੰਦਰ ਸਿੰਘ, ਗੁਰਤੇਜ ਸਿੰਘ, ਅਜੈਬ ਸਿੰਘ, ਸਾਰਜੰਟ ਸਿੰਘ, ਰਾਜ ਭੁੱਲਰ ਤੋਂ ਇਲਾਵਾ ਬੱਚਿਆਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ।