ਮਾਨਸਾ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਦੋਸ਼, ਝੋਟਾ ਦੇ ਪਿਤਾ ਲਾਸ਼ ਧਰਨੇ ’ਚ ਲਿਜਾਣ ਲਈ ਬਜ਼ਿੱਦ, ਲਾਸ਼ ਧਰਨੇ ’ਚ ਲਿਜਾਣ ਤੋਂ ਰੋਕਣ ਲਈ ਪੁਲਿਸ ਨੇ ਰਸਤੇ ਕੀਤੇ ਬੰਦ

ਮਾਨਸਾ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਦੋਸ਼, ਝੋਟਾ ਦੇ ਪਿਤਾ ਲਾਸ਼ ਧਰਨੇ ’ਚ ਲਿਜਾਣ ਲਈ ਬਜ਼ਿੱਦ, ਲਾਸ਼ ਧਰਨੇ ’ਚ ਲਿਜਾਣ ਤੋਂ ਰੋਕਣ ਲਈ ਪੁਲਿਸ ਨੇ ਰਸਤੇ ਕੀਤੇ ਬੰਦ

ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿੱਚ ਮੰਗਲਵਾਰ ਦੁਪਹਿਰ 32 ਸਾਲਾ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਦੋਸ਼ ਹੈ ਕਿ ਕੁਝ ਵਿਅਕਤੀ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਪਿੰਡ ਦੀ ਸੜਕ ’ਤੇ ਛੱਡ ਕੇ ਚਲੇ ਗਏ ਸਨ। ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਲਜੀਤ ਸਿੰਘ ਦੀ ਲਾਸ਼ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਰੱਖ ਕੇ ਧਰਨਾ ਲਗਾ ਦਿੱਤਾ।

ਇਸ ਦੌਰਾਨ ਪਰਵਿੰਦਰ ਝੋਟਾ ਦੇ ਇਨਸਾਫ਼ ਲਈ ਮਾਨਸਾ ਵਿੱਚ ਚੱਲ ਰਹੇ ਧਰਨੇ ਤੋਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ, ਮੋਹਣਜੀਤ ਸ਼ੇਰੋਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਮੌਕੇ ’ਤੇ ਪਹੁੰਚੇ। ਉਹ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਮਾਨਸਾ ਧਰਨੇ ਵਿੱਚ ਲਿਜਾਣਾ ਚਾਹੁੰਦੇ ਸਨ। ਇਸ ਦੌਰਾਨ ਲੋਕਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਹੋਈ।

ਲਾਸ਼ ਲਿਜਾਣ ਤੋਂ ਰੋਕਣ ਲਈ ਪੁਲਿਸ ਨੇ ਰਸਤੇ ਕੀਤੇ ਬੰਦ

ਮ੍ਰਿਤਕ ਦੇਹ ਨੂੰ ਮਾਨਸਾ ਧਰਨੇ ਵਿੱਚ ਲਿਜਾਣ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਸਿਰਸਾ ਰੋਡ ਅਤੇ ਰਮਦਿੱਤੇਵਾਲਾ ਚੌਕ ਵਿੱਚ ਟਰੱਕ ਖੜ੍ਹੇ ਕਰਵਾ ਕੇ ਰਸਤੇ ਬੰਦ ਕਰ ਦਿੱਤੇ। ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਦੇਰ ਸ਼ਾਮ ਤੱਕ ਲਾਸ਼ ਨੂੰ ਲਿਜਾਣ ਦੇ ਮਾਮਲੇ ’ਤੇ ਲੋਕਾਂ ਅਤੇ ਪੁਲਿਸ ਵਿਚਾਲੇ ਖਿੱਚੋਤਾਣ ਜਾਰੀ ਰਹੀ।

ਜਥੇਬੰਦੀਆਂ ਦੇ ਆਗੂਆਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ ਅਤੇ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

ਧੀ ਨੂੰ ਸਕੂਲ ਵੈਨ ’ਤੇ ਚੜ੍ਹਾਉਣ ਤੋਂ ਬਾਅਦ ਗਿਆ ਸੀ ਘਰੋਂ

ਵੇਰਵਿਆਂ ਅਨੁਸਾਰ, ਦਲਜੀਤ ਸਿੰਘ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਮੰਗਲਵਾਰ ਸਵੇਰੇ ਉਸ ਨੇ ਆਪਣੀ ਧੀ ਨੂੰ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਵੈਨ ’ਤੇ ਚੜ੍ਹਾਇਆ ਅਤੇ ਉੱਥੋਂ ਕੁਝ ਵਿਅਕਤੀਆਂ ਨਾਲ ਕਿਤੇ ਚਲਾ ਗਿਆ। ਕਥਿਤ ਤੌਰ ’ਤੇ ਉਸ ਨੇ ਉਨ੍ਹਾਂ ਵਿਅਕਤੀਆਂ ਨਾਲ ਨਸ਼ਾ ਕੀਤਾ। ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਹ ਉਸ ਨੂੰ ਭੰਮੇ ਕਲਾਂ ਦੇ ਬੱਸ ਅੱਡੇ ਨੇੜੇ ਸੜਕ ’ਤੇ ਛੱਡ ਕੇ ਚਲੇ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਮਾਪਿਆਂ ਅਤੇ ਪਿੰਡ ਵਾਸੀਆਂ ਵਿੱਚ ਰੋਸ ਫੈਲ ਗਿਆ। ਦਲਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਰਿਪੋਰਟ ਅਨੁਸਾਰ, ਪੁਲਿਸ ਨੇ ਬੱਬੂ ਨਾਂ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।

ਪੁਲਿਸ ਵੱਲੋਂ ਸਾਥੀਆਂ ਦੀ ਭਾਲ ਲਈ ਛਾਪੇਮਾਰੀ

ਥਾਣਾ ਝੁਨੀਰ ਦੇ ਮੁਖੀ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦਲਜੀਤ ਸਿੰਘ ਦੇ ਨਾਲ ਗਏ ਵਿਅਕਤੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਝੋਟਾ ਦੇ ਪਿਤਾ ਅਤੇ ਜਥੇਬੰਦੀਆਂ ਨੇ ਸਰਕਾਰ ’ਤੇ ਚੁੱਕੇ ਸਵਾਲ

ਭੀਮ ਸਿੰਘ ਫੌਜੀ, ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ ਨੇ ਕਿਹਾ ਕਿ ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਵੀ ਨਸ਼ੇ ਦਾ ਪ੍ਰਚਲਨ ਨਹੀਂ ਰੁਕਿਆ। ਉਨ੍ਹਾਂ ਦਲਜੀਤ ਸਿੰਘ ਦੀ ਮੌਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਸ਼ਿਆਂ ਬਾਰੇ ਜ਼ਮੀਨੀ ਹਕੀਕਤ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਫ਼ਰਕ ਹੈ।

ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਨੇ ਦਲਜੀਤ ਸਿੰਘ ਦੀ ਲਾਸ਼ ਨੂੰ ਮਾਨਸਾ ਧਰਨੇ ਵਿੱਚ ਲਿਜਾਣ ਤੋਂ ਰੋਕਣ ਲਈ ਪੂਰਾ ਜ਼ੋਰ ਲਾਇਆ ਹੈ, ਤਾਂ ਜੋ ਲੋਕਾਂ ਦਾ ਰੋਸ ਨਾ ਵਧੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਨੂੰ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ।