ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਾਰਵੇ ਦੀ ਸੰਸਦ ਦੇ ਪ੍ਰਧਾਨ ਮਸੂਦ ਗ੍ਹਰਾਹਖਾਨੀ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਦਾ ਸੱਦਾ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਾਰਵੇ ਦੀ ਸੰਸਦ ਦੇ ਪ੍ਰਧਾਨ ਮਸੂਦ ਗ੍ਹਰਾਹਖਾਨੀ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਦਾ ਸੱਦਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਾਰਵੇ ਦੀ ਸੰਸਦ ਦੇ ਪ੍ਰਧਾਨ ਮਸੂਦ ਗ੍ਹਰਾਹਖਾਨੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਨਾਰਵੇ ਦੌਰੇ ਦੌਰਾਨ ਓਸਲੋ ਸਥਿਤ ਸੰਸਦ ਪ੍ਰਧਾਨ ਦੇ ਦਫ਼ਤਰ ਵਿਖੇ ਹੋਈ ਇਸ ਮੁਲਾਕਾਤ ਵਿੱਚ ਨਾਰਵੇ ਅੰਦਰ ਸਿੱਖ ਭਾਈਚਾਰੇ ਦੇ ਯੋਗਦਾਨ, ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਹੋਈ।

ਮਸੂਦ ਗ੍ਹਰਾਹਖਾਨੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਉਨ੍ਹਾਂ ਨਾਲ ਗਏ ਸਿੱਖ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਗੱਲਬਾਤ ਦੌਰਾਨ ਜਥੇਦਾਰ ਨੇ ਉਨ੍ਹਾਂ ਨੂੰ ਨਾਰਵੇ ਵਿੱਚ ਸਿੱਖਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ’ਤੇ ਸੰਸਦ ਪ੍ਰਧਾਨ ਨੇ ਇਨ੍ਹਾਂ ਮੁਸ਼ਕਲਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ ਦਿੱਤਾ।

ਨਾਰਵੇ ਸਰਕਾਰ ਦੇ ਸਿੱਖ ਦਸਤਾਰ ਦਿਵਸ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ

ਜਥੇਦਾਰ ਗੜਗੱਜ ਨੇ ਨਾਰਵੇ ਸਰਕਾਰ ਵੱਲੋਂ ਵਿਸਾਖੀ ਮੌਕੇ ਹਰ ਸਾਲ ਸਿੱਖ ਦਸਤਾਰ ਦਿਵਸ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਨਾਰਵੇ ਦੇ ਸਥਾਨਕ ਭਾਈਚਾਰੇ ਵਿੱਚ ਸਿੱਖ ਪਛਾਣ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਕਾਫ਼ੀ ਮਦਦ ਮਿਲੀ ਹੈ ਅਤੇ ਉੱਥੋਂ ਦੇ ਲੋਕ ਸਿੱਖ ਦਸਤਾਰ ਨੂੰ ਮਾਣ-ਸਤਿਕਾਰ ਦੇ ਰਹੇ ਹਨ।

ਕੋਵਿਡ-19 ਦੌਰਾਨ ਸਿੱਖਾਂ ਦੀਆਂ ਸੇਵਾਵਾਂ ਦੀ ਸ਼ਲਾਘਾ

ਮੁਲਾਕਾਤ ਦੌਰਾਨ ਮਸੂਦ ਗ੍ਹਰਾਹਖਾਨੀ ਨੇ ਕੋਵਿਡ-19 ਮਹਾਮਾਰੀ ਦੌਰਾਨ ਨਾਰਵੇ ਵਿੱਚ ਸਿੱਖਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਨਾਰਵੇ ਵਿੱਚ ਕਿਸੇ ਭਾਈਚਾਰੇ ਨੂੰ ਮੁਸ਼ਕਲ ਆਉਂਦੀ ਹੈ ਤਾਂ ਸਿੱਖ ਹਮੇਸ਼ਾ ਅੱਗੇ ਹੋ ਕੇ ਨਿਸ਼ਕਾਮ ਸੇਵਾਵਾਂ ਨਿਭਾਉਂਦੇ ਹਨ।

ਜਥੇਦਾਰ ਗੜਗੱਜ ਨੇ ਕਿਹਾ ਕਿ ਨਾਰਵੇ ਵਿੱਚ ਸਿੱਖਾਂ ਨੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਸਿੱਖ ਸਿਧਾਂਤਾਂ ਅਨੁਸਾਰ ਸੇਵਾ ਦੇ ਉਪਰਾਲਿਆਂ ਰਾਹੀਂ ਸਿੱਖ ਭਾਈਚਾਰੇ ਨੇ ਨਾਰਵੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਕਿਹਾ ਕਿ ਮਸੂਦ ਗ੍ਹਰਾਹਖਾਨੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਨਾਲ ਉਨ੍ਹਾਂ ਨੂੰ ਸਿੱਖ ਸਿਧਾਂਤਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ। ਇਸ ਨਾਲ ਸਿੱਖਾਂ ਅਤੇ ਨਾਰਵੇ ਦੇ ਲੋਕਾਂ ਵਿਚਕਾਰ ਦੋਸਤੀ, ਆਪਸੀ ਸਤਿਕਾਰ ਅਤੇ ਸਮਝ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਅਰਥਪੂਰਨ ਮੌਕਾ ਮਿਲੇਗਾ।

ਮੁਲਾਕਾਤ ਵਿੱਚ ਸਿੱਖ ਵਫ਼ਦ ਦੇ ਮੈਂਬਰ ਰਹੇ ਹਾਜ਼ਰ

ਇਸ ਮੁਲਾਕਾਤ ਵਿੱਚ ਨਾਰਵੇ ਤੋਂ ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਬਲਜੀਤ ਸਿੰਘ, ਗੁਰਿੰਦਰ ਸਿੰਘ, ਭੁਪਿੰਦਰ ਸਿੰਘ, ਇਕਬਾਲ ਸਿੰਘ ਅਤੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਹਾਜ਼ਰ ਸਨ।