ਵਿਰੋਧ ਕੌਣ ਕਰਦਾ ਹੈ? - ਪੁਜਾਰੀਵਾਦ ਜਾਂ ਗੁਰਮਤਿ?
- ਗੁਰਮਤਿ ਗਿਆਨ
- 03 Mar,2025
 
              ਕੁਦਰਤੀ ਗੱਲ ਹੈ ਕਿ ਜਦੋਂ ਕੋਈ ਮਨੁੱਖ ਆਪਣਾ ਪੁਰਾਣਾ ਸਭਾਅ ਛੱਡਣ ਲਈ ਤਿਆਰ ਨਹੀਂ ਹੁੰਦਾ ਤਾਂ ਉਹ ਵਿਰੋਧ ਵਿੱਚ ਉੱਤਰ ਆਉਂਦਾ ਹੈ। ਇੱਕ ਉਹ ਵਿਚਾਰਧਾਰਾ ਹੈ ਜਿਹੜੀ ਮੂਲਵਾਦੀ ਹੈ ਭਾਵ ਮੜੀਆਂ, ਕਬਰਾਂ, ਫੋਟੋਆਂ ਦੀ ਪੂਜਾ, ਮਾਲਾ ਦੁਆਰਾ ਰੱਬ ਨੂੰ ਪਉਣਾ, ਤੀਰਥਾਂ ਦੇ ਇਸ਼ਨਾਨ ਤੋਂ ਰੱਬ ਦੀ ਪ੍ਰਾਪਤੀ, ਧਰਮ ਦੇ ਨਾਂ `ਤੇ ਵਰਤ ਰੱਖਣੇ, ਸੁੱਖਣਾ ਸੁਖਣੀ, ਗੁਰੂ ਸਾਹਿਬਾਨ ਦੀ ਤਰਜ਼ `ਤੇ ਮਰ ਚੁੱਕੇ ਸਾਧਾਂ ਦੇ ਜਨਮ ਦਿਹਾੜੇ ਤੇ ਬਰਸੀਆਂ ਮਨਾਉਣੀਆਂ, ਸੰਪਟ ਪਾਠਾਂ ਦੁਆਰਾ ਲੋਕਾਂ ਨੂੰ ਮਨਚਾਹਤ ਫਲ਼ਾਂ ਦੀ ਪ੍ਰਾਪਤੀ ਦਿਵਾਉਣੀ, ਨਰਕ ਦੇ ਬਚਾ ਤੇ ਸਵਰਗ ਦੀ ਆਸ ਰੱਖਣੀ ਆਦਕ ਧਰਮ ਕਰਮ ਹਨ ਜਿੰਨ੍ਹਾਂ ਨੂੰ ਕਰਨ ਲਈ ਪੁਜਾਰੀ ਜ਼ੋਰ ਦੇਂਦਾ ਹੈ। ਪੁਜਾਰੀ ਆਮ ਜਗਿਆਸੂ ਨੂੰ ਇਹ ਗੱਲ ਸਮਝਾਉਣ ਵਿੱਚ ਸਫਲ ਹੋ ਗਿਆ ਹੈ ਕਿ ਜਦੋਂ ਵੀ ਤੂਹਾਨੂੰ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਡੇ ਪਾਸ ਆਉ ਅਸੀਂ ਤੂਹਾਨੂੰ ਮੰਤ੍ਰ ਦਿਆਂਗੇ ਜਿਸ ਨਾਲ ਦੇਵਤਾ ਖੁਸ਼ ਹੋ ਜਾਏਗਾ ਤੇ ਉਹ ਰੱਬ ਜੀ ਨੂੰ ਕਹਿ ਕੇ ਤੁਹਾਡੇ ਕਾਰਜ ਰਾਸ ਕਰ ਦੇਵੇਗਾ। ਜੇਹੋ ਜੇਹਾ ਕਿਸੇ ਦਾ ਕੰਮ ਹੋਵੇਗਾ ਉਹੋ ਜੇਹੀ ਹੀ ਪੁਜਾਰੀ ਦੀ ਭੇਟਾ ਹੁੰਦੀ ਹੈ। ਦੂਸਰੀ ਵਿਚਾਰਧਾਰਾ ਉਹ ਹੈ ਜੋ ਇਨ੍ਹਾਂ ਫੋਕਟ ਦੇ ਕਰਮਾਂ ਨੂੰ ਮੁੱਢੋਂ ਨਿਕਾਰਦੀ ਹੈ। ਅਜੇਹੀ ਕ੍ਰਾਂਤੀਕਾਰੀ ਵਿਚਾਰਧਾਰਾ ਨੇ ਮਨੁੱਖਤਾ ਦੇ ਜੀਵਨ ਨੂੰ ਇੱਕ ਨਵਾਂ ਹੁਲਾਰਾ ਦਿੱਤਾ। ਇਸ ਵਿਚਾਰਧਾਰਾ ਵਿਚੋਂ ਖ਼ੁਦਮੁਖਤਿਆਰੀ ਦਾ ਜਨਮ ਹੁੰਦਾ ਹੈ ਤੇ ਨਵੀਂ ਅਜ਼ਾਦੀ ਨਾਲ ਨਵੇਂ ਸਮਾਜ ਦਾ ਜਨਮ ਹੁੰਦਾ ਹੈ। ਇਸ ਵਿਚਾਰਧਾਰਾ ਵਿੱਚ ਕੋਈ ਲਾਰਾ ਨਹੀਂ ਹੈ ਸਗੋਂ ਇਸ ਗੱਲ `ਤੇ ਜ਼ੋਰ ਦਿੱਤਾ ਹੈ ਕਿ ਜਿਹੜਾ ਵੀ ਆਪਣੇ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰੇਗਾ ਭਾਵ ਗੁਰ ਉਪਦੇਸ਼ ਦੇ ਆਨੁਸਾਰੀ ਹੋ ਕੇ ਚੱਲੇਗਾ ਉਹ ਆਪਣੇ ਜੀਵਨ ਵਿੱਚ ਸੁਖ ਭਰ ਸਕਦਾ ਹੈ। ਫੋਕਟ ਦੀਆਂ ਰਸਮਾਂ ਨਾਲ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਨਹੀਂ ਹੋ ਸਕਦਾ। ਸੂਹੀ ਰਾਗ ਵਿੱਚ ਗੁਰਬਾਣੀ ਵਾਕ ਹੈ—
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।।
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ।।
ਸੰਤਹੁ ਸਾਗਰੁ ਪਾਰਿ ਉਤਰੀਐ।।
ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪਰਸਾਦੀ ਤਰੀਐ।।
ਪਿੱਛਲੇ ਕੁੱਝ ਸਮੇਂ ਤੋਂ ਇੱਕ ਐਸਾ ਵਿਰੋਧ ਸ਼ੂਰੂ ਹੋਇਆ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਚਨੌਤੀ ਦੇਣ ਲੱਗ ਪਿਆ ਹੈ। ਵਿਰੋਧ ਤਾਂ ਗੁਰੂ ਸਾਹਿਬਾਨ ਦੇ ਸਮੇਂ ਵੀ ਸ਼ੁਰੂ ਹੋਇਆ ਸੀ ਪਰ ਬਿੱਪਰ ਆਪਣੇ ਮਕਸਦ ਵਿੱਚ ਕੋਈ ਬਹੁਤਾ ਕਾਮਯਾਬ ਨਹੀਂ ਹੋ ਸਕਿਆ ਸੀ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਲਈ ਮੂਲਵਾਦੀ ਪੁਜਾਰੀਆਂ ਨੇ ਉਸ ਸਮੇਂ ਦੀ ਸਰਕਾਰ ਪਾਸ ਸ਼ਕਾਇਤਾਂ ਵੀ ਕੀਤੀਆਂ ਸਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਨਾਲ ਸਾਡੀ ਸ਼ਰਧਾ ਟੁੱਟਦੀ ਹੈ ਜਾਂ ਜੋ ਪਿਤਾ ਪੁਰਖੀ ਅਸੀਂ ਕਰਮ ਕਰ ਰਹੇ ਹਾਂ ਗੁਰੂ ਸਾਹਿਬ ਜੀ ਉਸ ਦਾ ਵਿਰੋਧ ਕਰ ਰਹੇ ਹਨ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰੂ ਅਮਰਦਾਸ ਜੀ ਨੂੰ ਲਾਹੌਰ ਆਉਣ ਲਈ ਸੂਬਾ ਸਰਕਾਰ ਨੇ ਕਿਹਾ। ਗੁਰੂ ਅਮਰਦਾਸ ਜੀ ਨੇ ਆਪਣੇ ਵਲੋਂ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਲਾਹੌਰ ਭੇਜਿਆ। ਗੁਰੂ ਰਾਮਦਾਸ ਜੀ ਨੇ ਹਰੇਕ ਪਹਿਲੂ ਦਾ ਉੱਤਰ ਬਾ ਦਲੀਲ ਦਿੱਤਾ। ਸੂਬਾ ਤੇ ਕੇਂਦਰੀ ਸਰਕਾਰ ਦੀ ਪੂਰੀ ਤਸੱਲੀ ਹੋਈ।
ਬਿੱਪਰ ਬੜੇ ਚਿਰ ਤੋਂ ਇਸ ਤਾਕ ਵਿੱਚ ਬੈਠਾ ਹੋਇਆ ਸੀ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਵਿੱਚ ਰਲ਼ਾ ਜ਼ਰੂਰ ਪਉਣਾ ਹੈ। ਉਸ ਰਲ਼ੇ ਸਦਕਾ ਇਹ ਦੇਖਣ ਨੂੰ ਤਾਂ ਸਿੱਖ ਦਿਸਣ ਪਰ ਇਹਨਾਂ ਦੇ ਰੀਤੀ ਰਿਵਾਜ ਸਾਰੇ ਬਿੱਪਰਵਾਦੀ ਹੋਣ। ਬੜੀ ਡੂੰਘੀ ਸੋਚ ਵਿਚਾਰ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਸਮਝਾਉਣ ਦੀ ਥਾਂ `ਤੇ ਉਸ ਨੇ ਕਈ ਅਜੇਹੇ ਗ੍ਰੰਥ ਤਿਆਰ ਕਰਾਏ ਜਿਹੜੇ ਦੇਖਣ, ਸੁਣਨ ਪੜ੍ਹਨ ਨੂੰ ਤਾਂ ਸਿੱਖੀ ਦਾ ਝੌਲ਼ਾ ਪਉਂਦੇ ਸਨ ਪਰ ਉਹਨਾਂ ਵਿੱਚ ਜੋ ਲਿਖਿਆ ਗਿਆ ਉਹ ਬਹੁਤਾ ਬਿੱਪਰਵਾਦੀ ਹੈ। ਏੱਥੋਂ ਤਕ ਕੇ ਗੁਰੂ ਸਾਹਿਬਾਨ ਦੇ ਜੀਵਨ ਭਾਵ ਗੁਰ ਇਤਿਹਾਸ ਨੂੰ ਕਰਾਮਾਤੀ ਰੰਗਤ ਦੇ ਕੇ ਲਿਖਿਆ। ਜਾਂ ਉਹ ਸਾਖੀਆਂ ਘੜ ਲਈਆਂ ਜਿਹੜੀਆਂ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ ਸਨ। ਕਈ ਵਾਰੀ ਤੇ ਲਗਾਤਾਰ ਪੜ੍ਹਨ ਨਾਲ ਸਾਨੂੰ ਹੁਣ ਉਹ ਬਿੱਪਰਵਾਦੀ ਹੀ ਗ੍ਰੰਥ ਚੰਗੇ ਲਗਣ ਲੱਗ ਪਏ। ਦੂਸਰਾ ਇਨ੍ਹਾਂ ਗ੍ਰੰਥਾਂ ਦੀ ਕਥਾ ਕਰਨ ਵਾਲੇ ਵੀ ਬਿੱਪਰਵਾਦੀ ਸੋਚ ਦੇ ਹੀ ਧਾਰਨੀ ਸਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਾਡੇ ਗੁਰਦੁਆਰਿਆਂ ਤੋਂ ਬਿੱਪਰੀ ਗ੍ਰੰਥਾਂ ਦੀ ਸ਼ੂਰੂ ਹੋਈ ਕਥਾ ਸਾਡੇ ਜੀਵਨ ਵਿੱਚ ਘਰ ਕਰ ਗਈ। ਬਿੱਪਰ ਸੋਚ ਨੂੰ ਬੜਾਵਾ ਦੇਣ ਲਈ ਸਿੱਖੀ ਸਰੂਪ ਵਿੱਚ ਸਾਧਾਂ ਨੇ ਸਭ ਤੋਂ ਵੱਧ ਆਪਣਾ ਯੋਗਦਾਨ ਪਾਇਆ ਹੈ। ਬਿੱਪਰੀ ਸੋਚ ਤੇ ਸਿੱਖੀ ਪਹਿਰਾਵੇ ਵਿੱਚ ਸਾਧਾਂ ਦੀ ਸੋਚ ਬਿਲਕੁਲ ਇਕੋ ਜੇਹੀ ਹੋ ਗਈ ਹੈ। ਜੇਹੋ ਜੇਹੇ ਸਾਧ ਸਨ ਉਹੋ ਜੇਹੇ ਇਨ੍ਹਾਂ ਨੇ ਗ੍ਰੰਥ ਤਿਆਰ ਕਰ ਲਏ ਤੇ ਕੁਦਰਤੀ ਇਨ੍ਹਾਂ ਲੰਬਾ ਮਨਮਤ ਦਾ ਪਰਚਾਰ ਹੋਇਆ ਹੋਵੇ ਤਾਂ ਵਿਰੋਧ ਹੋਣਾ ਕੁਦਰਤੀ ਹੈ। ਹੁਣ ਨਿਰਾ ਵਿਰੋਧ ਹੀ ਨਹੀਂ ਹੋ ਰਿਹਾ ਸਗੋਂ ਵਿਦਵਾਨ ਪ੍ਰਚਾਰਕਾਂ ਦੀ ਪੱਗਾਂ ਲਾਹੀਆਂ ਜਾ ਰਹੀਆਂ ਹਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਹੈਰਾਨਗੀ ਦੀ ਗੱਲ ਦੇਖੋ ਅੱਜ ਤੀਕ ਕਦੇ ਕਿਸੇ ਟਕਸਾਲੀ, ਸਾਧਲਾਣਾ ਜਾਂ ਕਿਸੇ ਡੇਰਾਵਾਦੀ ਦਾ ਕਿਸੇ ਮਿਸ਼ਨਰੀ ਪਰਚਾਰਕ ਨੇ ਵਿਰੋਧ ਨਹੀਂ ਕੀਤਾ ਹੈ। ਹਾਂ ਵਿਚਾਰ ਦੁਆਰਾ ਸਿੱਖ ਮੁਦਿਆਂ ਤਥਾ ਸਿੱਖ ਸਿਧਾਂਤ ਦੀ ਗੱਲ ਜਾਬਤੇ ਵਿੱਚ ਰਹਿ ਕੇ ਕੀਤੀ ਹੈ। ਕਦੇ ਕਿਸੇ ਮਿਸ਼ਨਰੀ ਨੇ ਕਿਸੇ ਸਾਧ ਆਦ ਦੀ ਦਸਤਾਰ ਨੂੰ ਹੱਥ ਜਾਂ ਉਸ ਦਾ ਦੀਵਾਨ ਬੰਦ ਕਰਾਉਣ ਦੀ ਲਈ ਐਸਾ ਕਰਮ ਨਹੀਂ ਕੀਤਾ ਜਿਸ ਨਾਲ ਕੌਮ ਦੀ ਬਦਨਾਮੀ ਹੋਵੇ ਪਰ ਹੁਣ ਵਿਰੋਧ ਏੱਥੋਂ ਤਕ ਪਹੁੰਚ ਗਿਆ ਹੈ ਕਿ ਸਿਧਾਂਤਕ ਪਰਚਾਰਕਾਂ ਨੂੰ ਜਿੱਥੇ ਬੇਲੋੜੀ ਬਹਿਸ ਕਰਨ ਲਈ ਲਲਕਾਰਿਆ ਜਾ ਰਿਹਾ ਹੈ ਓੱਥੇ ਹੁਣ ਹੱਥੋਪਾਈ ਹੋਣਾ ਤੇ ਦਸਤਾਰਾਂ ਨੂੰ ਉਤਾਰਨ ਵਾਲੀਆਂ ਘਟਨਾਵਾਂ ਵੀ ਹੋਣ ਲੱਗ ਪਈਆਂ ਹਨ ਜਿਹੜੀਆਂ ਦੁਖਦਾਈ ਹੀ ਨਹੀਂ ਹਨ ਬਲ ਕਿ ਆਉਣ ਵਾਲੇ ਸਮੇਂ ਵਿੱਚ ਕੌਮ ਲਈ ਬਹੁਤ ਘਾਤਕ ਸਾਬਤ ਹੋਣਗੀਆਂ। ਨਿਸ਼ਾਨਾਂ ਆਪਣੇ ਘਰ ਦੀ ਪ੍ਰਾਪਤੀ ਦਾ ਸੀ ਜਿਹੜਾ ਖਿਸਕਦਾ ਹੋਇਆ ਆਪਣੇ ਹੀ ਭਰਾਵਾਂ ਦੁਆਲੇ ਹੋ ਗਿਆ ਹੈ।
ਸਮਾਂ ਬਦਲਿਆਂ ਕੁੱਝ ਵਿਦਵਾਨਾਂ ਨੇ ਗੁਰਬਾਣੀ ਪੜ੍ਹੀ ਵਿਚਾਰੀ ਤਾਂ ੳਨ੍ਹਾਂ ਨੂੰ ਸਮਝ ਲੱਗੀ ਕਿ ਗੁਰਬਾਣੀ ਕੁੱਝ ਹੋਰ ਕਹਿ ਰਹੀ ਹੈ ਤੇ ਅਸੀਂ ਕੁੱਝ ਹੋਰ ਹੀ ਕਰ ਰਹੇ ਹਾਂ। ਇਹਨਾਂ ਵਿਦਵਾਨਾਂ ਨੇ ਨੀਝ ਲਾ ਕੇ ਦੇਖਿਆ ਕਿ ਜਿਹੜਾ ਇਤਿਹਾਸ ਲਿਖਿਆ ਮਿਲਦਾ ਹੈ ਉਹ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਜਾਂ ਜੋ ਕੁੱਝ ਅਸੀਂ ਕਰ ਰਹੇ ਗੁਰਬਾਣੀ ਉਸ ਦੀ ਆਗਿਆ ਨਹੀਂ ਦੇਂਦੀ।
ਵਿਰੋਧ ਕਿਹੜਾ ਹੋ ਰਿਹਾ ਹੈ? ਇਹ ਮੈਂ ਨਹੀਂ ਕਹਿ ਰਿਹਾ ਸਗੋਂ ਵਿਦਵਾਨਾਂ ਦੀਆਂ ਲਿਖਤਾਂ ਤੋਂ ਸਮਝਣ ਦਾ ਯਤਨ ਕੀਤਾ ਜਾਏਗਾ। ਭਾਈ ਸੁਖਵਿੰਦਰ ਸਿੰਘ ਜੀ ਦਦੇਹਰ ਵਲੋਂ ਕੁੱਝ ਨੁਕਤੇ ਉਠਾਏ ਗਏ ਹਨ ਜਿਹੜੇ ਅੱਜ ਦੇ ਦੌਰ ਵਿੱਚ ਬਹੁਤ ਵੱਡੀ ਪੱਧਰ `ਤੇ ਸਮਝਣੇ ਚਾਹੀਦੇ ਹਨ ਕਿ ਵਿਰੋਧ ਕੌਣ ਕਰ ਰਿਹਾ ਹੈ। ਉਹਨਾਂ ਦੀ ਲਿਖਤ ਹੇਠਾਂ ਦਿੱਤੀ ਜਾ ਰਹੀ ਹੈ
ਬ੍ਰਾਹਮਣੀ ਸੋਚ ਨੇ ਹਰੇਕ ਪਵਿੱਤਰ ਕਾਰਜ ਨੂੰ ਹੱਥ ਪਾ ਕਿ ਗੰਧਲ਼ਾ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ—ਤੇ ਅਕਾਲੀ ਦਲ---ਤੱਖਤ ਸਾਹਿਬਾਨ---ਤੇ ਹੁਣ ਕੁਹਾੜੀ ਗੁਰਮਤਿ ਦੇ ਪਰਚਾਰਕਾਂ ਵੱਲ—
ਦਦੇਹਰ ਜੀ ਅੱਗੇ ਲਿਖਦੇ ਹਨ—ਭਾਈ ਪੰਥਪ੍ਰੀਤ ਸਿੰਘ ਜੀ ਅਤੇ ਜਰਮਨੀ ਦੀਆਂ ਸੰਗਤਾਂ ਤੇ ਵਹਿਸ਼ੀਆਨਾ ਢੰਗ ਨਾਲ ਹਮਲਾ ਕਰਕੇ ਇਨ੍ਹਾਂ ਡੇਰਾਵਾਦੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਕਲ ਨਾਂ ਦੀ ਕੋਈ ਚੀਜ਼ ਇਨ੍ਹਾਂ ਦੇ ਪਾਸ ਨਹੀਂ ਹੈ। ਕੁੱਝ ਮੋਟੀਆਂ ਗੱਲਾਂ ਸੰਗਤਾਂ ਦੇ ਧਿਆਨ ਵਿੱਚ ਲਿਆਉਣ ਲੱਗਾਂ ਹਾਂ----ਫੈਸਲਾ ਸੰਗਤ ਆਪ ਕਰ ਲਵੇ---
੧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ਰੀਕ ਕੌਣ ਪੈਦਾ ਕਰਦਾ ਹੈ, ਕਦੀਂ ਦੇਹਾਂ ਤੇ ਕਦੀ ਗ੍ਰੰਥਾਂ ਦੇ ਰੂਪ ਵਿਚ—
੨ ਗੁਰ ਬਿਲਾਸ ਪਾਤਸ਼ਾਹੀ ੬—ਤੇ ਸੂਰਜ ਪ੍ਰਕਾਸ਼ ਆਦ ਰਾਂਹੀਂ ਵਿਗਾੜੇ ਗਏ ਇਤਿਹਾਸ ਦੀ ਕਥਾ ਗੁਰਦੁਆਰਿਆਂ ਵਿੱਚ ਕਰਨ ਦੀ ਜਿੱਦ ਕੌਣ ਕਰਦਾ ਹੈ?
੩ ਸਿੱਖ ਰਹਿਤ ਮਰਯਾਦਾ ਦੇ ਉਲਟ ਆਪੋ ਆਪਣੀ ਡਫਲ਼ੀ ਵਜਾ ਕੇ ਕੌਮ ਦੀ ਸ਼ਕਤੀ ਨੂੰ ਖੇਰੂੰ ਖੇਰੂੰ ਕਰੀ ਰੱਖਣ ਦੀ ਜਿਦ ਕੌਣ ਕਰਦਾ ਹੈ?
੪ ਗੁਰਦੁਆਰਿਆਂ ਡੇਰਿਆਂ ਵਿੱਚ ਗੁਰਮਤ ਦੇ ਉਲਟ ਜਾ ਕੇ ਸੰਗਰਾਂਦਾਂ, ਪੂਰਮਾਸ਼ੀਆਂ ਦਸਮੀਆਂ ਆਦ ਕੌਣ ਮਨਾਉਣ ਦੀ ਜਿਦ ਕਰ ਰਿਹਾ ਹੈ?
੫ ਕੌਮੀ ਪਹਿਚਾਨ ਅਤੇ ਵਿਲੱਖਣਤਾ ਦਾ ਪਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਾਉਣ ਦੀ ਜਿਦ ਕੌਣ ਕਰ ਰਿਹਾ ਹੈ?
੬ ਜਾਤਾਂ ਪਾਤਾਂ ਅਧਾਰਤ ਪੰਗਤਾਂ ਲਾ ਕੇ ਭਾਂਡੇ ਵੱਖਰੇ ਕਰਕੇ ਡੇਰਿਆਂ ਵਿੱਚ ਲੰਗਰ ਛਕਾਉਣ ਦੀ ਜਿਦ ਕੌਣ ਕਰ ਰਿਹਾ ਹੈ?
੭ ਮਰੇ ਬਾਬਿਆਂ ਦੀਆਂ ਵਰਤੀਆਂ ਚੀਜ਼ਾਂ ਜਿਵੇਂ ਚੋਲ਼ੇ ਕਛਿਹਰੇ ਜੁੱਤੀਆਂ ਤੇ ਹੋਰ ਲਟਰਮ ਪਟਰਮ ਰੱਖ ਕੇ ਪੂਜਣ ਦੀ ਜ਼ਿਦ ਕੌਣ ਕਰ ਰਿਹਾ ਹੈ?
੮ ਪਾਲਕੀਆਂ ਵਿੱਚ ਫੋਟੋਆਂ ਰੱਖ ਕੇ ਨਗਰ ਕੀਰਤਨ ਕਢਣ ਦੀ ਜਿਦ ਕਿਸ ਨੇ ਕੀਤੀ ਹੈ?
੯ ਦਰਬਾਰ ਸਾਹਿਬ ਦੇ ਬਰਾਬਰ ਮਸਤੂਆਣੇ ਵਿੱਚ ਨਕਲੀ ਦਰਬਾਰ ਸਾਹਿਬ ਬਣਾਉਣ ਲਈ ਕੌਣ ਬਜਿਦ ਸੀ?
੧੦ ਗੁਰਦੁਆਰਿਆਂ ਵਿਚੋਂ ਨਿਸ਼ਾਨ ਸਾਹਿਬ ਅਤੇ ਲੰਗਰ ਆਦ ਦੀ ਵਰਗੀ ਪਵਿੱਤ੍ਰ ਸੰਸਥਾ ਨੂੰ ਆਪਣੇ ਡੇਰਿਆਂ ਵਿਚੋਂ ਬਾਹਰ ਕਿਸ ਨੇ ਕੀਤਾ ਹੈ ਭਾਵ ਇਹ ਮਰਯਾਦਾ ਖਤਮ ਕਰਨ ਦੀ ਜਿਦ ਕੌਣ ਕਰ ਰਿਹਾ ਹੈ।
੧੧ ਗੁਰਬਾਣੀ ਦੇ ਗੁਟਕੇ ਸੰਪਟ ਲਾ ਕੇ ਛਾਪਣੇ, ਗੁਰਬਾਣੀ ਦਾ ਪਾਠ ਦੋਹਰਾ ਸੰਪਟ ਆਦ ਲਾ ਕੇ ਕਰਨ ਦੀ ਜਿਦ ਕੌਣ ਕਰ ਰਿਹਾ ਹੈ।
੧੨ ਗੁਰੂ ਸਾਹਿਬਾਨ ਅਤੇ ਪੰਜ ਪਿਆਰਿਆਂ ਨੂੰ ਤੇ ਹੁਣ ਚਾਰ ਸਾਹਿਬਜ਼ਾਦਿਆਂ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਅਵਤਾਰ ਦਸ ਕੇ ਕੌਮ ਦੀ ਜੜ੍ਹੀਂ ਤੇਲ ਦੇਣ ਦੀ ਜ਼ਿਦ ਕੌਣ ਦੇ ਰਿਹਾ ਹੈ?
ਹੋਰ ਬਹੁਤ ਕੁੱਝ ਹੈ ਕਚ ਘਰੜ ਜੋ ਇਨ੍ਹਾਂ ਨੇ ਕੌਮ ਦੀ ਨਿਰਾਲੀ ਸ਼ਾਨ ਗੰਧਲ਼ੀ ਕਰਨ ਲਈ ਇਤਿਹਾਸ ਬਣਾ ਕੇ ਸਾਂਭ ਕੇ ਰੱਖਿਆ ਹੈ—ਹਲੇ ਗੁਲੇ ਕਰਨ ਨਾਲ ਇਹ ਕੰਮ ਬੰਦ ਨਹੀਂ ਹੋਣਾ ਗੰਦੀਆਂ ਗਾਲ਼ਾਂ ਕੱਢਣ ਨਾਲ ਹਮਲੇ ਕਰਨ ਨਾਲ ਬੰਦੇ ਮਾਰਨ ਨਾਲ ਕੁੱਝ ਨਹੀ ਹੋਣਾ ਸੰਗਤ ਸਮਝਣ ਲੱਗ ਪਈ ਹੈ। ਤੁਸੀਂ ਸੁਧਰ ਜਾਓ ਬਾਬਿਓ—ਗਲਤੀਆਂ ਕਿਸੇ ਕੋਲੋਂ ਵੀ ਹੋ ਸਕਦੀਆਂ ਹਨ—ਕੌਮ ਦਾ ਹੋਰ ਸਿਰ ਨੀਵਾਂ ਨਾ ਕਰੋ—ਜੋ ਕੰਮ ਦੁਸ਼ਮਣ ਕਰਦਾ ਆ ਰਿਹਾ ਹੈ ਉਹ ਤੁਸੀਂ ਹੁਣ ਆਪ ਕਰੀ ਜਾਂਦੇ ਹੋ ਬਾਬਿਓ ਤੁਹਾਡੇ ਰਲ਼ਗਡ ਪ੍ਰਚਾਰ ਨੇ ਗੁਰਦੁਆਰਿਆਂ ਵਿੱਚ ਹਵਨ ਚਲੀਹੇ ਜਗਰਾਤੇ ਅਤੇ ਸ਼ਰੇਆਮ ਓਮ ਓਮ ਦੇ ਜਾਪ ਕਰਵਾ ਦਿੱਤੇ ਹਨ—ਸੰਭਲ਼ ਜਾਓ ਬਾਬਿਓ ਤੁਹਾਡੀਆਂ ਇਨ੍ਹਾਂ ਭੈੜੀਆਂ ਕਰਤੂਤਾਂ ਜਿੰਨ੍ਹਾਂ ਨੂੰ ਤੁਸੀਂ ਬਹਾਦਰੀ ਸਮਝਣ ਦਾ ਭੁਲੇਖਾ ਪਾਲ ਰਹੇ ਹੋ ਇਹ ਤੁਹਾਡੇ ਹੀ ਵਿਰੁੱਧ ਜਾ ਰਿਹਾ ਹੈ---ਕੀ ਤੁਸੀਂ ਅਜੇ ਸਮਝਣ ਲਈ ਤਿਆਰ ਨਹੀਂ ਹੋ? ਆ ਤੁਹਾਡੇ ਬੇਅਕਲ ਛੋਕਰੇ ਲਾਈਵ ਬੈਠ ਬੈਠ ਮੁੱਛਾਂ ਮਰੋੜਦੇ ਖਚਰੀ ਹਾਸਾ ਹੱਸਦੇ ਝੂਠ ਬੋਲਦੇ ਨਕਲੀ ਆਈ ਡੀ ਤੋਂ ਧੀਆਂ ਭੈਣਾਂ ਦੀਆਂ ਗਾਲ਼੍ਹਾਂ ਕੱਢਦੇ ਹਨ—ਇਨ੍ਹਾਂ ਨੂੰ ਨੱਥ ਪਾਓ।
ਆਰ ਐਸ ਐਸ ਰਾਸ਼ਟਰੀ ਸੋਇਮ ਸੇਵਕ ਹਿੰਦੂਆਂ ਦੀ ਇੱਕ ਬਹੁਤ ਮਜ਼ਬੂਤ ਜੱਥੇਬੰਦੀ ਹੈ ਜਿਸ ਦਾ ਇੱਕ ਹੀ ਨਿਸ਼ਾਨਾ ਹੈ ਕਿ ਸਾਰੇ ਭਾਰਤ ਵਿੱਚ ਕੇਵਲ ਭਗਵਾ ਰਾਜ ਹੀ ਹੋਣਾ ਚਾਹੀਦਾ ਹੈ। ਆਰ ਐਸ ਐਸ ਦੀ ਇਕੋ ਹੀ ਸੋਚ ਹੈ ਕਿ ਜਿਹੜੀਆਂ ਜਾਗਦੀਆਂ ਜਿਉਂਦੀਆਂ ਕੌਮਾਂ ਹਨ ਉਹਨਾਂ ਵਿੱਚ ਆਪਣੇ ਪ੍ਰਚਾਰਕਾਂ ਦੀ ਘੁੱਸਪੈਠ ਕਰਾਕੇ ਉਸ ਦੇ ਅਸਲ ਵਜੂਦ ਦੀ ਹੋਂਦ ਸਦਾ ਲਈ ਖਤਮ ਕੀਤਾ ਜਾਏ। ਅੱਜ ਕੇਂਦਰ ਵਿੱਚ ਕਹਿਣ ਨੂੰ ਜਨਤਾ ਪਾਰਟੀ ਦਾ ਰਾਜ ਹੈ ਪਰ ਅੰਦਰ ਖਾਤੇ ਭਗਵਾ ਰਾਜ ਚੱਲ ਰਿਹਾ ਹੈ। ਆਰ ਐਸ ਐਸ ਘੱਟ ਗਿਣਤੀ ਵਾਲੀਆਂ ਕੌਮਾਂ ਵਿਚੋਂ ਉਨ੍ਹਾਂ ਦੇ ਬੰਦੇ ਖਰੀਦ ਕੇ ਉਨ੍ਹਾਂ ਰਾਂਹੀ ਆਪਣਾ ਮਕਸਦ ਪੂਰਾ ਕਰ ਰਹੀ ਹੈ। ਨਤੀਜੇ ਸਭ ਦੇ ਸਾਹਮਣੇ ਹਨ ਕਿ ਘੱਟ ਗਿਣਤੀਆਂ ਵਾਲੀਆਂ ਕੌਮਾਂ ਆਪਣਾ ਸਭਿਆਚਾਰ ਭੁੱਲ ਕੇ ਬਿੱਪਰਵਾਦੀ ਸੋਚ ਦੀ ਧਾਰਨੀ ਹੋ ਗਈਆਂ ਹਨ।
ਸਿੱਖ ਕੌਮ ਅੰਦਰ ਵੀ ਅਜੇਹਾ ਵਾਪਰ ਰਿਹਾ ਹੈ ਤੇ ਵਾਪਰ ਵੀ ਗਿਆ ਹੈ ਉਸ ਦੀਆਂ ਪ੍ਰਤੱਖ ਮਿਸਾਲਾਂ ਸਾਡੇ ਸਾਹਮਣੇ ਆ ਰਹੀਆਂ ਹਨ। ਅੱਜ ਜਿਸ ਜੱਥੇਬੰਦੀ ਦੇ ਦੂਸਰੀ ਜੱਥੇਬੰਦੀ ਨਾਲ ਖ਼ਿਆਲ ਨਹੀ ਰਲ਼ਦੇ ਅਸੀਂ ਉਸ ਨੂੰ ਆਰ ਐਸ ਐਸ ਦੇ ਏਜੰਟ ਕਹਿਣਾ ਸ਼ੁਰੂ ਕਰ ਦੇਂਦੇ ਹਾਂ। ਹਾਂ ਜਿਹੜੇ ਕੰਮ ਆਰ ਐਸ ਐਸ ਕਰ ਰਹੀ ਜੇ ਸਿੱਖੀ ਪਹਿਰਾਵੇ ਵਿੱਚ ਕੋਈ ਜੱਥੇ ਬੰਦੀ ਬਿੱਪਰਵਾਦੀ ਕਰਮ ਕਰਦੇ ਹਨ ਤਾਂ ਨਿਰ ਸੰਦੇਹ ਉਹ ਆਰ ਐਸ ਐਸ ਨਾਲ ਮਿਲ ਕੇ ਚੱਲ ਰਹੀ ਹੈ।
ਅੱਜ ਜਿਹੜੇ ਪਰਚਾਰਕ ਗੁਰਬਾਣੀ ਦੀ ਵਿਚਾਰ ਨੂੰ ਸਿਧਾਂਤਕ ਢੰਗ ਤਰੀਕੇ ਨਾਲ ਪੇਸ਼ ਕਰਦੇ ਹਨ ਉਨ੍ਹਾਂ ਨੂੰ ਆਰ ਐਸ ਐਸ ਦੇ ਏਜੰਟ ਕਹਿ ਕੇ ਕੋਸਿਆ ਜਾ ਰਿਹਾ ਹੈ।
ਦਰ ਅਸਲ ਮਿਸ਼ਨਰੀ ਉਨ੍ਹਾਂ ਪ੍ਰੰਪਰਾਵਾਂ ਨੂੰ ਨਹੀਂ ਮੰਨ ਰਹੇ ਜੋ ਰੂੜੀਵਾਦੀ, ਥੋਥੀਆਂ, ਗੈਰ ਕੁਦਰਤੀ ਤੇ ਬਹੀਆਂ ਹੋ ਚੁੱਕੀਆਂ ਹਨ। ਦੂਸਰਾ ਮਿਸ਼ਨਰੀ ਸੋਚ ਪ੍ਰਤੀ ਪੂਰੀ ਈਰਖਾਲੂ ਬਿਰਤੀ ਕੰਮ ਕਰ ਰਹੀ ਹੈ। ਹਰ ਗੱਲ `ਤੇ ਮਿਸ਼ਨਰੀਆਂ ਨੂੰ ਆਰ ਐਸ ਐਸ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਤਰਕ ਦੇਂਦੇ ਕਿ ਇਹ ਸੀਨਾ ਬਸੀਨਾ ਤੁਰੀਆਂ ਆ ਰਹੀਆਂ ਪ੍ਰੰਪਰਾਵਾਂ ਨੂੰ ਨਹੀਂ ਮੰਨਦੇ। ਤੀਸਰਾ ਮਿਸ਼ਨਰੀ ਵੀਰਾਂ ਉਨ੍ਹਾਂ ਗੱਲਾਂ ਨੂੰ ਹੀ ਮੰਨਦੇ ਹਨ ਜਿਹੜੀਆਂ ਗੁਰਬਾਣੀ ਦੇ ਤਰਕ `ਤੇ ਪੂਰੀਆਂ ਉਤਰਦੀਆਂ ਹਨ।
੧ ਸਾਰਾ ਬਿੱਪਰਵਾਦ ਕਰਾਮਾਤਾਂ ਨੂੰ ਮੰਨਦਾ ਹੈ ਤੇ ਸਾਡੇ ਡੇਰਿਆਂ ਵਾਲੇ ਵੀ ਕਰਾਮਾਤਾਂ ਨੂੰ ਪਹਿਲ ਦੇ ਅਧਾਰ `ਤੇ ਮੰਨਦੇ ਹਨ। ਅੱਜ ਦਾ ਸਾਧਲਾਣਾ ਤੇ ਡੇਰਾਵਾਦੀ ਸੋਚ ਰੱਖਣ ਵਾਲਾ ਵੀ ਕਰਾਮਾਤਾਂ ਦੇ ਸਿਰ `ਤੇ ਖੜਾ ਹੈ। ਗੁਰਬਾਣੀ ਵਿਚਾਰਨ ਵਾਲਾ ਇਸ ਵਿਚਾਰ `ਤੇ ਜ਼ੋਰ ਦੇਂਦਾ ਹੈ ਕਿ ਸਤਿਗੁਰ ਜੀ ਆਪ ਇਸ ਪ੍ਰਥਾਏ ਫਰਮਾਉਂਦੇ ਹਨ—
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।।
ਮਹਲਾ ੧ ਪੰਨਾ ੪੧੮
੨ ਬਿੱਪਰਵਾਦੀ ਸੋਚ `ਤੇ ਸਾਧਲਾਣਾ ੩੩ ਕਰੋੜ ਦੇਵਤਿਆਂ ਨੂੰ ਮੰਨਦੇ ਹਨ ਜਦੋਂ ਕਿ ਗੁਰਬਾਣੀ ਸੋਚ ਰੱਖਣਵਾਲਾ ਇਹ ਕਹੇਗਾ ਕਿ ਚਾਰ ਚਾਰ ਸਿਰਾਂ ਵਾਲੇ ਤੇ ਅੱਠ ਅੱਠ ਬਾਹਾਂ ਵਾਲੇ ਦੇਵੀ ਦੇਵਤੇ ਕਦੇ ਦੁਨੀਆਂ ਵਿੱਚ ਪੈਦਾ ਨਹੀਂ ਹੋਏ ਹਨ। ਰੱਬ ਜੀ ਹੀ ਸਭ ਤੋ ਵੱਡੇ ਦੇਵਤੇ ਹਨ—
ਪੁਜਹੁ ਰਾਮੁ ਏਕੁ ਹੀ ਦੇਵਾ।। ਭਗਤ ਕਬੀਰ ਜੀ ਪੰਨਾ ੪੮੪
੩ ਬਿੱਪਰਵਾਦੀ ਪੁਜਾਰੀ ਦੀ ਸੋਚ ਵਿੱਚ ਦੇਵੀ ਦੇਵਤਿਆਂ ਤੇ ਤਥਾ ਹਰ ਪੱਥਰ ਦੀਆਂ ਬਣੀਆਂ ਹੋਈਆਂ ਮੂਰਤੀਆਂ ਨੂੰ ਰੱਬ ਸਮਝ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਬਿੱਪਰਵਾਦੀਆਂ ਦੀ ਤਰ੍ਹਾਂ ਸਿੱਖ ਕੌਮ ਅੰਦਰ ਵੀ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਤੇ ਉਨ੍ਹਾਂ ਅੱਗੇ ਧੂਪਾਂ ਧੁਖਾ ਕੇ ਪੂਜਾ ਕਰਨ ਨੂੰ ਸਾਧਲਾਣਾ ਆਖਦਾ ਹੈ। ਹੁਣ ਤਾਂ ਹਾਲਾਤ ਏੱਥੋਂ ਤੱਕ ਨਿਘਰ ਗਏ ਹਨ ਮਰ ਚੁੱਕੇ ਸਾਧਾਂ ਦੀਆਂ ਮੂਰਤੀਆਂ ਵੀ ਬਜ਼ਾਰ ਵਿੱਚ ਵਿੱਚ ਵਿਕਦੀਆਂ ਹਨ ਮਿਸ਼ਨਰੀ ਸੋਚ ਆਖਦੀ ਹੈ ਕਿ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਦੀ ਲੋੜ ਨਹੀਂ ਹੈ ਜਦ ਕੇ ਸਾਨੂੰ ਸ਼ਬਦ ਗੁਰੂ ਨੂੰ ਹੀ ਅਧਾਰ ਬਣਾਉਣਾ ਚਾਹੀਦਾ ਹੈ। ਗੁਰਬਾਣੀ ਵਾਕ ਹੈ---
ਅੰਧੇ ਗੁੰਗੇ ਅੰਧ ਅੰਧਾਰੁ।। ਪਾਥਰ ਲੇ ਪੂਜਹਿ ਮੁਗਧ ਗਵਾਰ।।
ਅੁਹਿ ਜਾ ਆਪਿ ਡੁਬੇ ਤੁਮ ਕਹਾ ਤਾਰਨਹਾਰੁ।।
ਮ: ੧ ਪੰਨਾ ੫੫੬
੪ ਬਿੱਪਰਵਾਦੀ ਤੇ ਡੇਰਾਵਾਦੀ ਸੋਚ ਨਰਕ ਸਵਰਗ ਵਿੱਚ ਅਟੱਲ ਵਿਸ਼ਵਾਸ ਰੱਖਦੀ ਹੈ ਜਦ ਕਿ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਦੁੱਖ ਸੁੱਖ ਤੇ ਨਰਕ ਸਵਰਗ ਸਭ ਇਸ ਧਰਤੀ `ਤੇ ਹੀ ਹਨ। ਮਰਨ ਉਪਰੰਤ ਕੋਈ ਨਰਕ ਸਵਰਗ ਨਹੀਂ ਹੁੰਦਾ ਹੈ ਜੇਹਾ ਕਿ ਗੁਰਬਾਣੀ ਵਾਕ ਹੈ—
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।।
ਭਗਤ ਕਬੀਰ ਜੀ ਪੰਨਾ ੯੬੯
੫ ਬਿੱਪਰਵਾਦੀ ਅਤੇ ਸਾਧਲਾਣਾ ਭਾਵ ਸਭ ਡੇਰਾਵਾਦੀ ਇਸ ਗੱਲ ਦੀ ਪੂਰੀ ਹਾਮੀ ਭਰਦੇ ਹਨ ਕਿ ਕੁੱਝ ਗਿਣੇ ਮਿਥੇ ਗਿਣਤੀ ਦੇ ਪਾਠ ਕਰਨ ਨਾਲ ਸਾਡੇ ਵਿਗੜੇ ਕੰਮ ਕਾਰ ਠੀਕ ਹੋ ਜਾਂਦੇ ਹਨ। ਜਨੀ ਕਿ ਨਾਮ ਜਪਣ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਜਦ ਕਿ ਗੁਰਬਾਣੀ ਵਿਚਾਰ ਬੜੇ ਸਪੱਸ਼ਟ ਹਨ ਕਿ ਗਣਤੀ ਦੇ ਪਾਠ ਕਰਨ ਨਾਲ ਕੁੱਝ ਵੀ ਪ੍ਰਾਪਤੀ ਨਹੀਂ ਹੁੰਦੀ—
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥਿ।।
ਮ: ੧ ਪੰਨਾ ੪੬੭
੬ ਰੱਖੜੀ, ਦੀਵਾਲੀ, ਦੁਸਹਿਰਾ, ਹੋਲੀ ਤੇ ਲੋਹੜੀ ਆਦਿ ਹਿੰਦੂਆਂ ਦੇ ਵਿਸ਼ੇਸ਼ ਤਿਉਹਾਰ ਤਾਂ ਹੋ ਸਕਦੇ ਪਰ ਸਿੱਖੀ ਨਾਲ ਇਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ। ਗੁਰੂਆਂ ਦੇ ਪੁਰਬ, ਸ਼ਹੀਦੀ ਦਿਹਾੜੇ, ਹੋਲਾ ਮਹੱਲਾ, ਵੈਸਾਖੀ `ਤੇ ਖਾਲਸੇ ਦਾ ਪ੍ਰਗਟ ਦਿਵਸ ਆਦ ਸਾਡੇ ਕੌਮੀ ਤਿਉਹਾਰ ਹਨ। ਇਸ ਦੇ ਵਿਰੁੱਧ ਹਿੰਦੂ ਤੇ ਡੇਰਾਵਾਦੀ ਸਾਧ ਇਹ ਕਹਿੰਦੇ ਨਹੀਂ ਥੱਕਦੇ ਕਿ ਸਾਡੇ ਲਈ ਸੰਗਰਾਂਦਾਂ, ਪੂਰਨਾਸ਼ੀਆਂ ਤੇ ਮੱਸਿਆ ਸਾਡੇ ਪਵਿੱਤਰ ਤਿਉਹਾਰ ਹਨ ਤੇ ਬਾਕੀ ਰੱਖੜੀ ਆਦ ਵਿੱਚ ਵੀ ਸਾਨੂੰ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿ ਕਿਉਂਕਿ ਸਾਡਾ ਸਾਰਿਆਂ ਨਾਲ ਪਿਆਰ ਬਣਦਾ ਹੈ—ਗੁਰਬਾਣੀ ਵਾਕ ਹੈ—
ਪੰਡਿਤ ਮੁਲਾ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨਾ ਲੀਆ।।
ਥਿਤੀ ਵਾਰ ਸੇਵਹਿ ਮੁਗਧ ਗਵਾਰ।।
ਪੰਨਾ ੧੧੫੮
੭ ਹਿੰਦੂ ਪੁਜਾਰੀ ਤੇ ਡੇਰਵਾਦੀ ਭਾਊ ਪੱਥਰ ਦੀਆਂ ਬਣੀਆਂ ਹੋਈਆਂ ਮੂਰਤੀਆਂ ਨੂੰ ਭੋਗ ਲਗਾਉਂਦੇ ਹਨ ਜਦ ਕਿ ਸਿੱਖੀ ਸਰੂਪ ਵਿੱਚ ਸਾਧਲਾਣਾ ਮੰਦਰਾਂ ਦੀ ਤਰਜ਼ `ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾ ਰਹੇ ਹਨ। ਗੁਰਬਾਣੀ ਵਾਕ ਹੈ ਕਿ ਰੱਬ ਜੀ ਨਾ ਤਾਂ ਜੰਮਦੇ ਹਨ ਤੇ ਨਾ ਹੀ ਮਰਣ ਦੇ ਗੇੜ ਵਿੱਚ ਆਉਂਦੇ ਹਨ ਰੱਬ ਜੀ ਦਾ ਕੋਈ ਰੂਪ ਰੰਗ ਨਹੀਂ ਹੈ ਇਸ ਲਈ ਉਸ ਨੂੰ ਖਾਣਾ ਆਦ ਨਹੀ ਖਵਾਇਆ ਜਾ ਸਕਦਾ।
ਇਨ੍ਹਾਂ ਨੁਕਤਿਆਂ ਨੂੰ ਵਿਚਾਰ ਕੇ ਸਮਝ ਆਉਂਦੀ ਹੈ ਕਿ ਜਿਹੜਾ ਕਰਮ ਬਿੱਪਰ ਕਰ ਰਿਹਾ ਹੈ ਉਹੀ ਕਰਮ ਸਿੱਖੀ ਭੇਸ ਵਿੱਚ ਬਣੇ ਡੇਰਿਆਂ ਵਾਲੇ ਕਰ ਰਹੇ ਹਨ। ਆਓ ਵਿਰੋਧ ਛੱਡ ਕੇ ਵਿਚਾਰ ਸਮਝਣ ਦਾ ਯਤਨ ਕਰੀਏ--
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥
ਧਨਾਸਰੀ ਮਹਲਾ ੪ ਪੰਨਾ ੬੬੯
Author:
 Principal: Gurbachan Singh Panwan
                  Principal: Gurbachan Singh Panwan
                                      9915529725
Posted By:
 Gurjeet Singh
                    Gurjeet Singh
                  
                
               
                      
Leave a Reply