ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਰਕਾਰਾਂ ਵੱਲੋਂ ਅਣਗੌਲੇ ਕੀਤੇ ਅਤੇ ਹਰਿਆਣਾ ਦੀ ਹੱਦ ਨਾਲ ਵਸੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦੀ ਜੰਮਪਲ ਭਵਿੱਖਦੀਪ ਕੌਰ ਨੇ ਹਾਲ ਹੀ ਵਿੱਚ ਲੁਧਿਆਣਾ ਵਿਖੇ ਹੋਈਆਂ ਸਟੇਟ ਪੱਧਰੀ ਸਕੂਲ ਗੇਮਾਂ ਵਿੱਚ ਅੰਡਰ 17 ਕੁਸ਼ਤੀ ਮੁਕਾਬਲੇ ਦੌਰਾਨ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਤੇ ਮੁਕਾਬਲੇ ਵਿੱਚੋਂ ਤੀਜਾ ਸਥਾਨ ਹਾਸਲ ਕਰਦਿਆਂ ਬਰਾਊਨ ਮੈਡਲ ਪ੍ਰਾਪਤ ਕਰਨ ਤੋਂ ਬਾਅਦ ਪਿੰਡ ਪਹੁੰਚਣ ਤੇ ਜਿੱਥੇ ਲੜਕੀ ਦੇ ਸਕੂਲ ਆਦਰਸ਼ ਮਾਡਲ ਸਕੂਲ ਨਥੇਹਾ ਅਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ ਉੱਥੇ ਪਿੰਡ ਵਾਸੀਆਂ ਨੇ ਵੀ ਆਪਣੀ ਇਸ ਬੱਚੀ ਤੇ ਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ ।ਲੜਕੀ ਦੇ ਪਿਤਾ ਇਕਬਾਲ ਸਿੰਘ ਉਰਫ ਪ੍ਰੀਤ ਗੋਲੇਵਾਲੀਆ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੱਚੀ ਬੜੀ ਹੀ ਮਿਹਨਤੀ ਹੈ ਅਤੇ ਉਹ ਗੇਮਾਂ ਦੇ ਨਾਲ ਨਾਲ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇ ਰਹੀ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਭਵਿੱਖਦੀਪ ਕੌਰ ਤੋਂ ਬਹੁਤ ਹੀ ਆਸਾਂ ਹਨ।