ਫਾਜ਼ਿਲਕਾ 27 ਦਸੰਬਰ(ਕ੍ਰਿਸ਼ਨ ਸਿੰਘ)ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਖੇਡ ਵਿਭਾਗ ਵੱਲੋਂ ਹੋਣ ਵਾਲੇ ਖੋ-ਖੋ ਖੇਡ ਮੁਕਾਬਲੇ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਦੀ ਚੋਣ ਲਈ ਟਰਾਈਲ ਕਰਵਾਏ ਜਾ ਰਹੇ ਹਨ। ਇਹ ਟਰਾਇਲ 31 ਦਸੰਬਰ 2018 ਨੂੰ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਨੇ ਦਿੱਤੀ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜਨਵਰੀ 2019 ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਖੋ-ਖੋ ਖੇਡ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤਹਿਤ ਜ਼ਿਲ੍ਹੇ ਅੰਦਰ ਪੰਜਾਬ ਰਾਜ ਖੇਡਾਂ ਅੰਡਰ-14 ਤੇ ਅੰਡਰ-18 ਲਈ ਲੜਕੇ-ਲੜਕੀਆਂ ਦੀ ਟੀਮ ਦੀ ਚੋਣ ਲਈ ਟਰਾਈਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਟਰਾਇਲ ਅਬੋਹਰ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਕਰਵਾਏ ਜਾ ਰਹੇ ਹਨ।ਜ਼ਿਲ੍ਹਾ ਖੇਡ ਅਫਸਰ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਟੀਮ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਖਿਡਾਰੀ ਸਬੂਤ ਵਜੋਂ ਆਪਣਾ ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਲੈ ਕੇ ਨਿਰਧਾਰਤ ਮਿਤੀ ਅਤੇ ਥਾਂ 'ਤੇ ਪਹੁੰਚ ਕੇ ਆਪਣੀ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਹੁੰਮ-ਹੁੰਮਾ ਕੇ ਖੋ-ਖੋ ਖੇਡ ਮੁਕਾਬਲੇ ਦਾ ਟਰਾਈਲ ਦੇਣ ਲਈ ਪਹੁੰਚਣ ਦੀ ਅਪੀਲ ਕੀਤੀ ਹੈ।