ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

17 ਫਰਵਰੀ, 2025 ਦੋਰਾਹਾ (ਅਮਰੀਸ਼ ਆਨੰਦ)ਅੱਜ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ, ਭਾਸ਼ਾ ਮੰਚ ਅਤੇ ਹਿੰਦੀ ਵਿਭਾਗ ਵਲੋਂ ਭਾਸ਼ਾ ਵਿਭਾਗ, ਲੁਧਿਆਣਾ ਦੇ ਸਹਿਯੋਗ ਨਾਲ਼ ਸਾਂਝੇ ਤੌਰ ’ਤੇ ਮਾਂ‑ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ, ਲੁਧਿਆਣਾ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸਨਦੀਪ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਿਚਕਾਰ ‘ਕਵਿਤਾ ਉਚਾਰਨ’ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸੋਮਪਾਲ ਹੀਰਾ ਨੇ ਮਾਂ ਬੋਲੀ ਦੀ ਮਹੱਤਾ ਬਾਰੇ ਵਿਚਾਰ ਚਰਚਾ ਕਰਦਿਆਂ ਸਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਕਰਵਾਏ ਗਏ ਕਵਿਤਾ ਉਚਾਰਨ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਹਿੰਦੀ ਅਤੇ ਪੰਜਾਬੀ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਡਾ. ਸਨਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਬਾਰੇ ਗੰਭੀਰ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਂ‑ਬੋਲੀ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਇਸ ਮੌਕੇ ਕਰਵਾਏ ਗਏ ਕਵਿਤਾ ਉਚਾਰਨ ਮੁਕਾਬਲੇ ਵਿੱਚ ਰਵਨੀਤ ਕੌਰ ਨੇ ਪਹਿਲਾ, ਕੁਲਵੀਰ ਸਿੰਘ ਨੇ ਦੂਸਰਾ ਅਤੇ ਹਰਸਿਮਰਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਅਵਸਰ ’ਤੇ ਕਾਲਜ ਵੱਲੋਂ ਮੁੱਖ ਮਹਿਮਾਨ ਡਾ. ਸਨਦੀਪ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਗੁਰਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਅਵਸਰ ’ਤੇ ਪ੍ਰੋ. ਸਨਦੀਪ ਸਿੰਘ ਹੁੰਦਲ ਅਤੇ ਭਾਸ਼ਾ ਵਿਭਾਗ ਲੁਧਿਆਣਾ ਤੋਂ ਸੀਨੀਅਰ ਸਹਾਇਕ ਸ਼੍ਰੀ ਰਾਜਕੁਮਾਰ ਹਾਜ਼ਰ ਸਨ। ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਡਾ. ਸੋਮਪਾਲ ਸਿੰਘ (ਮੁਖੀ), ਡਾ. ਗੁਰਪ੍ਰੀਤ ਸਿੰਘ ਪ੍ਰੋ. ਹਰਪ੍ਰੀਤ ਕੌਰ ਕਾਹਲੋਂ ਅਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਨਵਨੀਤ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਦੇ ਸਫ਼ਲਤਾਪੂਰਵਕ ਆਯੋਜਨ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸੰਬੰਧਿਤ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ