ਤਲਵੰਡੀ ਸਾਬੋ, 28ਸਤੰਬਰ (ਗੁਰਜੰਟ ਸਿੰਘ ਨਥੇਹਾ)- ਮਹੀਕੋ ਮੋਨਸੈਂਟੋ ਬੋਲਗਾਰਡ ਟੀਮ ਦੇ ਐੱਮ ਡੀ ਓ ਮੇਜਰ ਸਿੰਘ ਕਮਾਲੂ ਵਲੋਂ ਬਲਾਕ ਤਲਵੰਡੀ ਸਾਬੋ ਦੇ ਪਿੰਡਾਂ ਜੱਜਲ, ਲਾਲੇਆਣਾ, ਤਲਵੰਡੀ ਸਾਬੋ, ਮਲਕਾਣਾ, ਕਮਾਲੂ, ਰਾਮਾਂ ਅਤੇ ਭਾਗੀਵਾਂਦਰ ਦੇ ਕਿਸਾਨਾਂ ਦੇ ਨਰਮੇ 'ਚੋਂ ਗੁਲਾਬੀ ਸੁੰਡੀ ਦੇ ਮੋਥ (ਪਤੰਗਾ) ਫੜ੍ਹਨ ਲਈ 100 ਦੇ ਕਰੀਬ ਫੈਰਾਮੋਨ ਟਰੈਪ ਲਗਾਏ ਗਏ ਤਾਂ ਜੋ ਨਰਮੇ ਵਿਚ ਗੁਲਾਬੀ ਸੁੰਡੀ ਦੇ ਅਟੈਕ ਤੋਂ ਬਚਾਇਆ ਜਾ ਸਕੇ।ਉਕਤ ਪਿੰਡਾਂ ਦੇ ਕਿਸਾਨਾਂ ਦੇ ਨਰਮੇ ਦੀ ਫਸਲ ਦਾ ਪੱਤਰਕਾਰਾਂ ਰਾਹੀਂ ਦੌਰਾ ਕਰਵਾਉਣ ਤੋਂ ਬਾਅਦ ਮੇਜਰ ਕਮਾਲੂ ਨੇ ਦੱਸਿਆ ਕਿ ਕਿਸਾਨਾਂ ਦੀ ਲਗਭਗ 30 ਪਲਾਂਟ ਖੇਤੀ 'ਤੇ ਫੈਰਾਮੋਨ ਟਰੈਪ ਲਗਾਏ ਗਏ ਹਨ ਜਿਹਨਾਂ ਦਾ ਲਗਾਤਾਰ ਹਰ ਹਫਤੇ ਨਿਰਖਣ ਵੀ ਕੀਤਾ ਜਾਂਦਾ ਹੈ ਤਾਂ ਜੋ ਨਰਮੇ ਦੀ ਬੀ ਟੀ ਤਕਨੀਕ ਨੂੰ ਲੰਮੇ ਸਮੇਂ ਲਈ ਬਚਾਇਆ ਜਾਵੇ। ਫੈਰਾਮੋਨ ਟਰੈਪ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਉਕਤ ਟਰੈਪ ਦੇ ਵਿਚਕਾਰ ਇੱਕ ਮਾਦਾ ਸੁੰਡੀ ਦੀ ਸੁਗੰਧ (ਪੈਕਟੀਨੋਫੋਰਾ ਗੌਸੀਪਾਇਲਾ) ਨਾਂ ਦਾ ਇੱਕ ਕੈਪਸੂਲ ਲੱਗਿਆ ਹੁੰਦਾ ਹੈ ਜਿਸ ਨੂੰ ਲੈ ਕੇ ਨਰ ਮੋਥ ਇਸ ਟਰੈਪ ਵਿੱਚ ਫਸ ਜਾਂਦੇ ਹਨ ਅਤੇ ਨਰ ਮਾਦਾ ਮੋਥ ਦਾ ਮੇਲ ਨਾ ਹੋਣ ਕਾਰਨ ਬੱਚੇ ਪੈਦਾ ਨਹੀਂ ਕਰ ਸਕਦੇ। ਅਜਿਹਾ ਹੋਣ ਨਾਲ ਬੀਟੀ ਕਿਸਮ ਨੂੰ ਭਵਿੱਖ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਦੇ ਨਰਮੇ ਦੀ ਫਸਲ 'ਤੇ ਇਹ ਟਰੈਪ ਬਿਲਕੁਲ ਮੁਫਤ ਲਗਾਏ ਗਏ ਹਨ।