ਅਰਬ ਸਾਗਰ ’ਚ ਭਾਰਤੀ ਜੰਗੀ ਬੇੜੇ ਨਾਲ ਪਾਕਿਸਤਾਨੀ ਜਹਾਜ਼ ਦੀ ਟੱਕਰ, ਭਾਰਤ ਨੇ ਜਤਾਇਆ ਸਖ਼ਤ ਇਤਰਾਜ਼

ਅਰਬ ਸਾਗਰ ’ਚ ਭਾਰਤੀ ਜੰਗੀ ਬੇੜੇ ਨਾਲ ਪਾਕਿਸਤਾਨੀ ਜਹਾਜ਼ ਦੀ ਟੱਕਰ, ਭਾਰਤ ਨੇ ਜਤਾਇਆ ਸਖ਼ਤ ਇਤਰਾਜ਼

– ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮੁੰਦਰੀ ਮੋਰਚੇ ’ਤੇ ਤਣਾਅ ਵਧਣ ਵਾਲੀ ਘਟਨਾ ਸਾਹਮਣੇ ਆਈ ਹੈ। 15 ਸਤੰਬਰ ਦੀ ਸ਼ਾਮ ਉੱਤਰੀ ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਫਰੰਟਲਾਈਨ ਜੰਗੀ ਬੇੜੇ ਦੀ ਪਾਕਿਸਤਾਨੀ ਜਲ ਸੈਨਾ ਦੇ ਇੱਕ ਜਹਾਜ਼ ਨਾਲ ਟੱਕਰ ਹੋ ਗਈ।

ਸੂਤਰਾਂ ਮੁਤਾਬਕ ਭਾਰਤੀ ਜੰਗੀ ਬੇੜਾ ਨਿਯਮਤ ਨਿਗਰਾਨੀ ਮਿਸ਼ਨ ’ਤੇ ਤਾਇਨਾਤ ਸੀ। ਇਸ ਦੌਰਾਨ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ਤੇਜ਼ ਰਫ਼ਤਾਰ ਨਾਲ ਭਾਰਤੀ ਜੰਗੀ ਬੇੜੇ ਦੇ ਬਹੁਤ ਨੇੜੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਜਹਾਜ਼ ਵੱਲੋਂ ਕੀਤੀ ਗਈ ਮੈਨਿਊਵਰਿੰਗ ਨੂੰ ਗੈਰ-ਪੇਸ਼ੇਵਰ ਅਤੇ ਅਸੁਰੱਖਿਅਤ ਮੰਨਿਆ ਗਿਆ, ਜਿਸ ਕਾਰਨ ਦੋਵੇਂ ਜਹਾਜ਼ ਟਕਰਾ ਗਏ।

ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਕਾਰਜਕਾਰੀ ਰਾਜਦੂਤ ਨੂੰ ਤਲਬ ਕੀਤਾ

ਹਾਲਾਂਕਿ ਟੱਕਰ ਕਾਰਨ ਕਿਸੇ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਕਾਰਜਕਾਰੀ ਰਾਜਦੂਤ ਨੂੰ ਤਲਬ ਕੀਤਾ ਹੈ।

ਭਾਰਤ ਵੱਲੋਂ ਪਾਕਿਸਤਾਨੀ ਜਲ ਸੈਨਾ ਦੀ ਯੂਨਿਟ ਦੇ ਵਿਵਹਾਰ ਨੂੰ “ਅਸਵੀਕਾਰਯੋਗ ਅਤੇ ਗੈਰ-ਪੇਸ਼ੇਵਰ” ਦੱਸਦਿਆਂ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ।

1991 ਦੇ ਸਮਝੌਤੇ ਦੀ ਉਲੰਘਣਾ ਦਾ ਹਵਾਲਾ

ਭਾਰਤ ਨੇ ਕਿਹਾ ਕਿ ਪਾਕਿਸਤਾਨੀ ਜਹਾਜ਼ ਦਾ ਇਹ ਵਿਵਹਾਰ ਅਪ੍ਰੈਲ 1991 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਦੀ ਉਲੰਘਣਾ ਹੈ। ਇਹ ਸਮਝੌਤਾ ਦੋਵੇਂ ਦੇਸ਼ਾਂ ਵੱਲੋਂ ਸੈਨਿਕ ਅਭਿਆਸਾਂ, ਜੰਗੀ ਅਭਿਆਸਾਂ ਅਤੇ ਫੌਜੀ ਆਵਾਜਾਈ ਬਾਰੇ ਪਹਿਲਾਂ ਤੋਂ ਜਾਣਕਾਰੀ ਸਾਂਝੀ ਕਰਨ ਨਾਲ ਸਬੰਧਤ ਹੈ।

ਭਾਰਤ ਮੁਤਾਬਕ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦਾ ਵਿਵਹਾਰ ਇਸ ਸਮਝੌਤੇ ਦੇ ਆਰਟੀਕਲ 10 ਦੇ ਵਿਰੁੱਧ ਹੈ।

ਜਹਾਜ਼ਾਂ ਦੇ ਨਾਮ ਅਤੇ ਸਹੀ ਸਥਿਤੀ ਦੀ ਜਾਣਕਾਰੀ ਜਨਤਕ ਨਹੀਂ

ਫਿਲਹਾਲ ਦੋਵੇਂ ਜਹਾਜ਼ਾਂ ਦੇ ਨਾਮ ਅਤੇ ਟੱਕਰ ਦੀ ਸਹੀ ਸਥਿਤੀ ਸਮੇਤ ਹੋਰ ਤਕਨੀਕੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਟੱਕਰ ਵਿੱਚ ਵੱਡੇ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਹਾਲਾਂਕਿ ਦੋਵੇਂ ਦੇਸ਼ਾਂ ਦੇ ਜਹਾਜ਼ਾਂ ਵਿਚਕਾਰ ਸੁਰੱਖਿਅਤ ਦੂਰੀ ਅਤੇ ਸਮੁੰਦਰੀ ਸੰਚਾਲਨ ਨਾਲ ਜੁੜੇ ਨਿਯਮਾਂ ਕਾਰਨ ਭਾਰਤ ਨੇ ਇਸ ਘਟਨਾ ’ਤੇ ਇਤਰਾਜ਼ ਜਤਾਇਆ ਹੈ।