ਜੂਟ ਦੇ ਬੈਗ ਤੇ ਹੋਰ ਸਜਾਵਟੀ ਵਸਤਾਂ ਬਣਾਉਣ ਲਈ ਸਰਬੱਤ ਦਾ ਭਲਾ ਟਰੱਸਟ ਨੇ ਕੇਂਦਰੀ ਜੇਲ੍ਹ ਨੂੰ ਤਿੰਨ ਸਿਲਾਈ ਮਸ਼ੀਨਾਂ ਸੌਂਪੀਆਂ

ਪਟਿਆਲਾ, 4 ਮਾਰਚ (ਪੀ ਐੱਸ ਗਰੇਵਾਲ)-ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਆਰਸੇਟੀ ਦੇ ਸਹਿਯੋਗ ਨਾਲ ਮਹਿਲਾ ਬੰਦੀਆਂ ਨੂੰ ਹੁਨਰਮੰਦ ਬਣਾਉਣ ਦੇ ਚਲਾਏ ਗਏ ਕੇਂਦਰ ਨੂੰ ਸਰਬੱਤ ਦਾ ਭਲਾ ਟਰੱਸਟ ਨੇ ਜੂਟ ਦੀ ਸਿਲਾਈ ਕਰਨ ਵਾਲੀਆਂ ਤਿੰਨ ਅਤਿਆਧੁਨਿਕ ਮਸ਼ੀਨਾਂ ਭੇਟ ਕੀਤੀਆਂ ਹਨ।ਜੇਲ ਸੁਪਰਡੈਂਟ ਸ. ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐਸ.ਪੀ. ਸਿੰਘ ਉਬਰਾਏ ਵੱਲੋਂ ਅੱਜ ਇਹ ਸਿਲਾਈ ਮਸ਼ੀਨਾਂ ਜੇਲ ਨੂੰ ਸੌਂਪੀਆਂ ਗਈਆਂ, ਜਿਨ੍ਹਾਂ ਦੀ ਮਦਦ ਨਾਲ ਜੇਲ ਦੀਆਂ ਮਹਿਲਾ ਕੈਦੀ ਜੂਟ ਤੋਂ ਬਾਜ਼ਾਰ ਦੀ ਮੰਗ ਮੁਤਾਬਕ ਸਫ਼ਾਈ ਵਾਲਾ ਸਾਜੋ ਸਮਾਨ ਤਿਆਰ ਕਰਨ 'ਚ ਕਾਮਯਾਬ ਹੋਣਗੀਆਂ।ਸ. ਨੰਦਗੜ੍ਹ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਸ. ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਤਿਆਰ ਕੀਤੇ ਜਾਣ ਵਾਲੇ ਵਧੀਆ ਕਿਸਮ ਦੇ ਜੂਟ ਦੇ ਬੈਗ, ਫਾਈਲਾਂ, ਹੈਂਡ ਬੈਗ, ਸਜਾਵਟੀ ਵਸਤਾਂ ਆਦਿ ਤੇ ਤਿਆਰ ਸਮਾਨ ਦੇ ਹੋਰ ਵਾਧੂ ਆਰਡਰ ਲੈਣਗੇ ਤੇ ਮਿਆਰੀ ਅਤੇ ਸਾਫ਼ ਸੁਥਰੇ ਢੰਗ ਨਾਲ ਤਿਆਰ ਕੀਤੇ ਗਏ ਸਮਾਨ ਨੂੰ ਬਾਜ਼ਾਰ 'ਚ ਭੇਜਿਆ ਜਾਵੇਗਾ।ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਇਕ ਮਸ਼ੀਨ ਦੀ ਲਾਗਤ ਕਰੀਬ 24 ਹਜ਼ਾਰ ਰੁਪਏ ਹੈ, ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਮਹਿਲਾ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਮੰਗ ਆਮ ਮਸ਼ੀਨਾਂ ਨਾਲ ਤਿਆਰ ਸਮਾਨ ਤੋਂ ਵਧੇਰੇ ਹੋਵੇਗੀ। ਉਨ੍ਹਾਂ ਕਿਹਾ ਕਿ ਜੇਲਾਂ ਦੇ ਬੰਦੀਆਂ ਨੂੰ ਸੁਧਾਰਨ ਤੇ ਮੰਤਵ ਨਾਲ ਵੱਖ-ਵੱਖ ਕਿੱਤਾ ਮੁਖੀ ਕੋਰਸ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ।ਸ. ਉਬਰਾਏ ਨੇ ਹੋਰ ਕਿਹਾ ਕਿ ਇਸ ਨਾਲ ਬੰਦੀ ਜੇਲਾਂ ਤੋਂ ਬਾਹਰ ਜਾ ਕੇ ਆਪਣਾ ਰੋਜ਼ਗਾਰ ਖ਼ੁਦ ਕਮਾਉਣ ਲਈ ਯੋਗ ਬਣਨਗੇ ਅਤੇ ਅਪਰਾਧ ਦੀ ਦੁਨੀਆਂ ਤੋਂ ਦੂਰ ਰਹਿਣਗੇ। ਇਸ ਮੌਕੇ ਜੱਸਾ ਸਿੰਘ ਸੰਧੂ, ਸਮਸ਼ੇਰ ਸਿੰਘ ਗੁੱਡੂ ਅਤੇ ਜੇਲ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।