ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਗਰਮੀ ਦੀਆਂ ਛੁੱਟੀਆਂ ਵਿੱਚ ਹਲਕਾ ਤਲਵੰਡੀ ਸਾਬੋ ਵਿਖੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਮੋਹਨ ਸਿੰਘ ਬੰਗੀ ਦੀ ਅਗਵਾਈ ਵਿੱਚ ਲਗਾਏ ਗਏ ਸਮਰ ਕੈਂਪਾਂ ਦੀ ਸਮਾਪਤੀ ਦਾ ਸਮਾਗਮ 30 ਜੂਨ ਨੂੰ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਪੁੱਜ ਰਹੇ ਹਨ।ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਨ ਸਿੰਘ ਬੰਗੀ ਨੇ ਇੱਥੇ ਦੱਸਿਆ ਕਿ ਹਲਕਾ ਤਲਵੰਡੀ ਸਾਬੋ ਦੇ 60 ਪਿੰਡਾਂ ਵਿੱਚ ਇੱਕ ਜੂਨ ਤੋਂ 30 ਜੂਨ ਤੱਕ ਉਪ ਦਫਤਰ ਧਰਮ ਪ੍ਰਚਾਰ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਮਤਿ ਸਿਖਲਾਈ ਕੈਪ ਵਿੱਚ 3500 ਬੱਚਿਆਂ ਨੇ ਭਾਗ ਲਿਆ। ਜਿੰਨ੍ਹਾਂ ਵਿੱਚ ਬੱਚਿਆਂ ਦੇ ਟੈਸਟ ਲੈ ਕੇ 360 ਬੱਚਿਆਂ ਦੀ ਚੋਣ ਕੀਤੀ ਗਈ। ਉਹਨਾਂ ਦੱਸਿਆ ਕਿ 360 ਬੱਚਿਆਂ ਦਾ ਫਾਈਨਲ ਟੈਸਟ 30 ਜੂਨ ਨੂੰ ਪਥਰਾਲਾ ਵਿਖੇ ਲੈਣ ਤੋੰ ਬਾਅਦ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆ ਦਾ ਸਨਮਾਨ ਕੀਤਾ ਜਾਵੇਗਾ ਅਤੇ ਮੈਡਲ, ਸਰਟੀਫਿਕੇਟ ਅਤੇ ਵੱਡੇ ਇਨਾਮ ਵੀ ਦਿੱਤੇ ਜਾਣਗੇ।ਉਹਨਾਂ ਦੱਸਿਆ ਕਿ ਇਸ ਸਮਾਗਮ ਮੌਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ੍ਰੋਮਣੀ ਕਮੇਟੀ ਪੁੱਜ ਰਹੇ ਹਨ। ਉਹਨਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਚੜ ਕੇ ਸਮਾਗਮ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਹੋਰਨਾਂ ਤੋ ਇਲਾਵਾ ਪਰਮਜੀਤ ਸਿੰਘ ਪੰਮਾ, ਹਰਜਿੰਦਰ ਸਿੰਘ ਕਿਲੀ, ਮੰਗਲ ਸਿੰਘ ਮਰਗਿੰਦਪੁਰਾ ਵੀ ਮੌਜੂਦ ਸਨ।