ਸਤਿਕਾਰ ਯੋਗ ਨਰਿੰਜਨ ਸਿੰਘ ਸਾਥੀ ਜੀ ਇਕ ਖੋਜੀ ਇਤਿਹਾਸਕਾਰ, ਨਿਪੁੰਨ ਵਾਰਤਕ ਲੇਖਕ, ਸਫਲ ਸੰਪਾਦਕ ਅਤੇ ਉੱਚ ਪਾਏ ਦੇ ਸ਼ਾਇਰ ਸਨ ਜੋ ਆਪਣਾ 91 ਸਾਲ ਦਾ ਵੱਡਾ ਤੇ ਸਫਲ ਜੀਵਨ ਭੋਗ ਕੇ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਬਾਰੇ ਯਾਦਾਂ ਸਾਂਝੀਆਂ ਕਰਦਿਆਂ, ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਤੇ ਪ੍ਰਧਾਨ ਜਸਵੀਰ ਝੱਜ ਨੇ ਕਿਹਾ ਕਿ ‘ਮੁੱਢਲੇ ਦਿਨਾਂ ਵਿਚ ਗਿਆਨੀ ਅਰਜਨ ਸਿੰਘ ਨੇ ਉਨ੍ਹਾਂ ਨੂੰ ਸਾਹਿਤਕ ਸੇਧ ਦਿੱਤੀ। ਉਨ੍ਹਾਂ ਲਾਲ ਸਿੰਘ ਕਮਲਾ ਅਕਾਲੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਤਖ਼ੱਲਸ ‘ਦੁਖੀਆ ਅਕਾਲੀ’ ਰੱਖ ਲਿਆ। ਤੇਜਾ ਸਿੰਘ ਸਾਬਰ ਜੀ ਦੀ ਪ੍ਰੇਰਨਾ ਨਾਲ ਕਾਵਿ ਲੋਕ ਦੀਆਂ ਉਡਾਰੀਆਂ ਲਾਉਂਦਿਆ ‘ਨਰਿੰਜਨ ਸਿੰਘ ਚਿਣਗ’ ਬਣ ਗਏ। ਤਰਲੋਕ ਨੇ ਕਿਹਾ ‘ਤੂੰ ਨਾ ਤਾਂ ਦੁਖੀਆ ਹੈਂ ਨਾ ਅਕਾਲੀ ਅਤੇ ਨਾ ਹੀ ਚਿਣਗ। ਤੂੰ ਤਾਂ ਸਾਥੀ ਹੈਂ ਲੋਕਾਂ ਦਾ ਸਾਥੀ। ਮਨੁੱਖਤਾ ਦਾ ਹਮਦਰਦ। ਸੰਵੇਦਨਸ਼ੀਲ ਸ਼ਾਇਰ ਹੈ” ਉਸ ਦਿਨ ਤੋਂ ਉਹ ਨਰਿੰਜਨ ਸਿੰਘ ਸਾਥੀ ਬਣ ਗਏ। ਸਾਥੀ ਜੀ ਸਿੱਖਿਆ ਵਿਭਾਗ ਪੰਜਾਬ ਦੀ ਨੌਕਰੀ ਕਰਦਿਆਂ ਉਹ 1954 ਵਿਚ ਤਬਦੀਲ ਹੋ ਕੇ ਰਾਮਪੁਰ ਆ ਗਏ। ਓਦੋਂ ਨਵੀਂ ਬਣੀ ਹੁਣ ਪੰਜਾਬ ਦੀ ਸਭ ਤੋਂ ਪੁਰਾਣੀ ਪੇਂਡੂ ਪੰਜਾਬੀ ਲਿਖਾਰੀ ਸਭਾ (ਰਜਿ.) ਰਾਮਪੁਰ (ਸਥਾਪਤ 7 ਅਗਸਤ 1953) ਨਾਲ ਜੁੜ ਗਏ। ਲੰਮਾ ਸਮਾਂ ਸਭਾ ਦੇ ਜਨਰਲ ਸਕੱਤਰ ਰਹੇ ਅਤੇ ਆਖਰੀ ਸਮੇਂ ਤੱਕ ਜੁੜੇ ਰਹੇ। ਨਵੀਆਂ ਪੈੜਾਂ ਪਾਈਆਂ, ਨਵੇਂ ਪੂਰਨੇ ਪਾਏ। ‘ਕਥਨਾਵਲੀ’ ਦੀ ਸੰਪਾਦਨਾ ਕੀਤੀ। ਡਾਕ ਮੈਂਬਰਸ਼ਿਪ ਦੀ ਪਿਰਤ ਪਾਈ। ਇਸ ਸਮੇਂ ਮਹਾਨ ਲੇਖਕ ਲਿਓ ਤਾਲਸਤਾਏ ਜੀ ਦੀ ਪੋਤ ਨੂੰਹ ਨਤਾਸ਼ਾ ਤਾਲਸਤਾਏ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਡਾਕ ਮੈਂਬਰ ਰਹੀ ਤੇ ਪੰਜਾਬੀ ਵਿਚ ਲਿਖਦੀ ਸੀ। ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾ-ਮੁਕਤ ਹੋਣ ਪਿੱਛੋਂ ਉਹ ਸ. ਬਰਜਿੰਦਰ ਸਿੰਘ ਹਮਦਰਦ ਜੀ ਦੀ ਪ੍ਰੇਰਨਾ ਨਾਲ ‘ਰੋਜਾਨੋ ਅਜੀਤ ਅਖ਼ਬਾਰ’ ਨਾਲ ਜੁੜ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਾਰੇ ਲੰਮੀ ਲੇਖ ਲੜੀ ਲਿਖੀ ਜੋਂ ਲਾਹੌਰ ਬੁੱਕ ਸ਼ਾਪ ਨੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤੀ। ਪਿੱਛੇ ਜਿਹੇ ਉਸ ਦਾ ਦੂਸਰਾ ਐਡੀਸ਼ਨ ਆਇਆ ਹੈ। ਉਨ੍ਹਾਂ ਦੀਆਂ ਲਿਖਤਾਂ ਇਤਿਹਾਸ ਦੀ ਜਾਣਕਾਰੀ ਵੀ ਦਿੰਦੀਆਂ ਹਨ ਅਤੇ ਮਾਣ-ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਵੱਲ ਵੀ ਦੱਸਦੀਆਂ ਹਨ। ਸਾਥੀ ਜੀ ਦੀਆਂ ਪ੍ਰਕਾਸ਼ਿਤ ਪੁਸਤਕਾਂ ‘ਹਰਿਆਣਾ ਦੇ ਲੋਕ ਰੋਮਾਂਸ’, ‘ਵਰਤਮਾਨ ਪੰਜਾਬੀ ਸ਼ਬਦ ਜੋੜ’, ‘ਕਥਨਾਵਲੀ’ (ਬਹੁ-ਚ੍ਰਚਿੱਤ), ‘ਨਦੌਣ ਦੀ ਜੰਗ’, ‘ਚਰਨ ਚਲੋ ਮਾਰਿਗ ਗੋਬਿੰਦ’ ਅਤੇ ਇਕ ਪੁਸਤਕ ‘ਮਹਾਂਭਾਰਤ’ ਬਾਰੇ ਛਪੀ ਹੈ। ਸਾਥੀ ਜੀ ਦੇ ਸਦੀਵੀ ਵਿਛੋੜੇ ਤੇ ਦੁੱਖ ਦੀ ਘੜੀ ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸੁਖਮਿੰਦਰ ਰਾਮਪੁਰੀ (ਕਨੇਡਾ), ਸਰਪ੍ਰਸਤ ਸੁਰਿੰਦਰ ਰਾਮਪੁਰੀ, ਪ੍ਰਧਾਨ ਜਸਵੀਰ ਝੱਜ, ਮੀਤ ਪ੍ਰਧਾਨ ਬਲਦੇਵ ਸਿੰਘ ਝੱਜ, ਜਨਰਲ ਸਕੱਤਰ ਹਰਬੰਸ ਮਾਲਵਾ, ਸਕੱਤਰ ਸ਼ਾਇਰਾ ਨੀਤੂ ਰਾਮਪੁਰ, ਗੁਰਦਿਆਲ ਦਲਾਲ, ਲਾਭ ਸਿੰਘ ਬੇਗੋਵਾਲ, ਬਲਵੰਤ ਮਾਂਗਟ, ਤੇਲੂ ਰਾਮ ਕੁਹਾੜਾ, ਡਾ. ਗਗਨਦੀਪ ਸ਼ਰਮਾਂ, ਅਵਤਾਰ ਸਿੰਘ ਧਮੋਟ, ਹਰਬੰਸ ਰਾਏ, ਅਨਿੱਲ ਫਤਿਹਗੜ੍ਹਜੱਟਾਂ, ਪ੍ਰੀਤ ਸੰਦਲ, ਭੁਪਿੰਦਰ ਮਾਂਗਟ, ਜਸਪ੍ਰੀਤ ਕੌਰ ਮਾਂਗਟ, ਜਰਨੈਲ ਰਾਮਪੁਰੀ, ਤਰਨ ਬੱਲ, ਸਵਰਨ ਪੱਲ੍ਹਾ, ਡਾ. ਸੰਦੀਪ ਸ਼ਰਮਾਂ, ਗੁਰਭਗਤ ਸਿੰਘ ਭੈਣੀਸਾਹਿਬ, ਆਜ਼ਾਦ ਵਿਸਮਾਦ ਤੇ ਗੁਰਦੀਪ ਮਨੂੰ ਬੁਆਣੀ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।