ਪਟਿਆਲਾ ਦੇ ਨਵੇ ਬੱਸ ਟਰਮੀਨਲ-ਕਮ-ਕਮਰਸ਼ੀਅਲ ਕੰਪਲੈਕਸ ਦੀ ਉਸਾਰੀ ਸਬੰਧੀਂ ਪੀਰਾ ਦੇ ਚੇਅਰਮੈਨ ਦੀ ਅਗਵਾਈ ਹੇਠ ਅਹਿਮ ਮੀਟਿੰਗ

ਪਟਿਆਲਾ, 27 ਅਗਸਤ: (ਪੀ ਐੱਸ ਗਰੇਵਾਲ)-ਪਟਿਆਲਾ ਵਿਖੇ ਜਨਤਕ-ਨਿੱਜੀ ਭਾਈਵਾਲੀ ਤਹਿਤ ਨਵਾਂ ਬੱਸ ਟਰਮੀਨਲ-ਕਮ-ਕਮਰਸ਼ੀਅਲ ਕੰਪਲੈਕਸ ਉਸਾਰਨ ਲਈ ਜਰੂਰੀ ਪ੍ਰਕਿਰਿਆਵਾਂ ਪੂਰੀਆਂ ਕਰਨ ਦੇ ਮੱਦੇਨਜ਼ਰ ਪੰਜਾਬ ਰਾਜ ਬੁਨਿਆਦੀ ਢਾਂਚਾ ਨਿਯੰਤਰਨ ਅਥਾਰਟੀ (ਪੀਰਾ) ਦੇ ਚੇਅਰਮੈਨ ਸ. ਜਤਿੰਦਰਬੀਰ ਸਿੰਘ ਸੇਵਾ ਮੁਕਤ ਆਈ.ਏ.ਐਸ. ਨੇ ਅੱਜ ਇੱਕ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕੀਤੀ।ਪੰਜਾਬ ਰਾਜ ਬੁਨਿਆਦੀ ਢਾਂਚਾ ਬੋਰਡ ਦੇ ਐਕਟ ਤਹਿਤ ਸੱਦੀ ਗਈ ਇਸ ਜਨਤਕ ਸੁਣਵਾਈ ਵਾਲੀ ਮੀਟਿੰਗ 'ਚ ਪੀਰਾ ਦੇ ਮੈਂਬਰ ਮਨਮੋਹਨ ਸਿੰਘ (ਸੇਵਾ ਮੁਕਤ ਚੀਫ ਇੰਜੀਨੀਅਰ), ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ. ਗੁਰਲਵਲੀਨ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਸਬੰਧਤ ਧਿਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਪੀ.ਆਈ.ਡੀ.ਬੀ. ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਸੁਪਨਮਈ ਪ੍ਰਾਜੈਕਟ 'ਬੱਸ ਟਰਮੀਨਲ-ਕਮ-ਕਮਰਸ਼ੀਅਲ ਕੰਪਲੈਕਸ' ਦੀ ਉਸਾਰੀ ਸਬੰਧੀਂ ਪੀ.ਪੀ.ਟੀ. ਜਰੀਏ ਇੱਥੇ ਯਾਤਰੂਆਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਅਤਿਆਧੁਨਿਕ ਸਹੂਲਤਾਂ, ਬੱਸਾਂ ਦੀ ਆਵਾਜਾਈ ਸਮੇਤ ਵਪਾਰਕ ਗਤੀਵਿਧੀਆਂ ਲਈ ਕੰਪਲੈਕਸ ਸਬੰਧੀਂ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਗਈ। ਪਰੰਤੂ ਇਸ ਦੌਰਾਨ ਸ਼ਾਮਲ ਹੋਏ ਵੱਖ-ਵੱਖ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਹੋਰ ਸਬੰਧਤ ਧਿਰਾਂ ਵੱਲੋਂ ਕੋਈ ਇਤਰਾਜ ਨਹੀਂ ਪੇਸ਼ ਕੀਤਾ ਗਿਆ।ਚੇਅਰਮੈਨ ਸ੍ਰੀ ਜਤਿੰਦਰਬੀਰ ਸਿੰਘ ਨੇ ਦੱਸਿਆ ਕਿ ਪੀਰਾ ਵੱਲੋਂ ਪੰਜਾਬ ਅੰਦਰ ਚਹੁੰਪੱਖੀ ਤੇ ਮਿਆਰੀ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ 'ਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਵੀ ਮੁਢਲੀ ਤੇ ਲੋੜੀਂਦੀ ਪ੍ਰਕ੍ਰਿਆ ਪੂਰੀ ਕਰਕੇ ਜਲਦ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਟੈਂਡਰ ਪ੍ਰਕ੍ਰਿਆ ਮਗਰੋਂ ਇਹ ਪ੍ਰਾਜੈਕਟ ਕਰੀਬ ਡੇਢ ਸਾਲ 'ਚ ਮੁਕੰਮਲ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪ੍ਰਾਜੈਕਟ ਦੀ ਉਸਾਰੀ ਸਬੰਧੀਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਵਾਈ ਜਾਵੇਗੀ। ਇਸ ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੈ, ਸਹਾਇਕ ਕਮਿਸ਼ਨਰ (ਆਈ.ਏ.ਐਸ.ਯੂ.ਟੀ.) ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਸ੍ਰੀ ਅਮਿਤ ਬੈਂਬੀ, ਪੀ.ਆਈ.ਡੀ.ਬੀ ਦੇ ਜੀ.ਐਮ. ਆਰ.ਐਸ. ਬੱਲ, ਪੀ.ਆਈ.ਡੀ.ਬੀ ਦੇ ਏ.ਜੀ.ਐਮ. (ਐਲ) ਵਰਸ਼ਾ ਰਾਣਾ, ਸਥਾਨਕ ਸਰਕਾਰਾਂ ਤੋਂ ਐਸ.ਈ. ਜੀ.ਐਸ. ਵਾਲੀਆ, ਪੀ.ਆਰ.ਟੀ.ਸੀ. ਦੇ ਕਾਰਜਕਾਰੀ ਇੰਜੀਨੀਅਰ ਜਤਿੰਦਰ ਪਾਲ ਸਿੰਘ, ਟਰਾਂਸਪੋਰਟ ਵਿਭਾਗ ਤੋਂ ਸਹਾਇਕ ਇੰਜੀਨੀਅਰ ਲਾਭ ਸਿੰਘ ਸੈਣੀ, ਪੀ.ਆਈ.ਡੀ.ਬੀ ਤੋਂ ਯਸਵੰਤ ਚੌਹਾਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।