ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਕਾਨਵੋਕੇਸ਼ਨ ਸਮਾਗਮ 11 ਨਵੰਬਰ ਨੂੰ

ਤਲਵੰਡੀ ਸਾਬੋ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਵਿਖੇ ਡਿਗਰੀ ਵਿਤਰਨ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਮਿਤੀ 11 ਨਵੰਬਰ 2018 ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ, ਭਾਰਤ ਸਰਕਾਰ, ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਡਿਗਰੀ ਵੰਡ ਸਮਾਗਮ ਵਿੱਚ 2014-15, 2015-16 ਅਤੇ 2016-17 ਦੇ ਬੈਚ ਦੀਆਂ ਯੋਗ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਕਾਲਜ ਪ੍ਰਿੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਜੀ 'ਲੌਂਗੋਵਾਲ', ਰਾਜ ਸਭਾ ਮੈਂਬਰ ਅਤੇ ਕਾਲਜ ਲੋਕਲ ਮੈਨੇਜਮੈਂਟ ਦੇ ਐਡੀਸ਼ਨਲ ਸਕੱਤਰ ਸ.ਬਲਵਿੰਦਰ ਸਿੰਘ ਜੀ 'ਭੂੰਦੜ' ਦੀ ਮੌਜੂਦਗੀ ਵਿੱਚ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਹੋਣ ਵਾਲਾ ਇਹ ਸਮਾਗਮ ਵਿਦਿਆਰਥਣਾਂ ਲਈ ਉਤਸ਼ਾਹ ਦਾ ਬਾਇਸ ਬਣੇਗਾ।ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਕਰੀਬ 530 ਵਿਦਿਆਰਥਣਾਂ ਡਿਗਰੀ ਪ੍ਰਾਪਤ ਕਰਨਗੀਆਂ। ਮਿਤੀ 10 ਨਵੰਬਰ ਨੂੰ ਰਿਹਰਸਲ ਸੈਸ਼ਨ ਅਤੇ ਅਲੂਮਨੀ ਮੀਟ ਦਾ ਵੀ ਆਯੋਜਨ ਕੀਤਾ ਜਾਵੇਗਾ।