ਦਿੱਲੀ ’ਚ ਵਿਰੋਧੀ ਧਿਰਾਂ ਵੱਲੋਂ ਹੱਥਕੜੀਆਂ ਪਾ ਕੇ ਪ੍ਰਦਰਸ਼ਨ
- ਪੰਜਾਬ
- 07 Feb,2025
ਅਮਰੀਕਾ ਵੱਲੋਂ ਗੈਰ ਕਾਨੂੰਨੀ ਤਰੀਕੇ ਅਮਰੀਕਾ ਗਏ,ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਮਿਲਟਰੀ ਜਹਾਜ਼ ਰਾਹੀਂ ਮੁੜ ਭਾਰਤ ਭੇਜਣ ਦੇ ਮਾਮਲੇ ਨੇ ਦੇਸ਼ ਭਰ ਵਿੱਚ ਰੋਸ ਹੈ। ਇਹ ਮਾਮਲਾ ਨਾ ਸਿਰਫ਼ ਭਾਰਤ ’ਚ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ’ਚ ਇਸ ਮਾਮਲੇ ਉੱਤੇ ਜਵਾਬ ਦਿੰਦਿਆਂ ਕਿਹਾ ਕਿ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾਉਣਾ ਅਮਰੀਕਾ ਦੀ ਨੀਤੀ ਦਾ ਹਿੱਸਾ ਹੈ। ਪਰ ਵਿਰੋਧੀ ਧਿਰਾਂ ਨੇ ਇਸ ਬਿਆਨ ’ਤੇ ਤਿੱਖਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਇੱਜ਼ਤ ਬਣਾਈ ਰੱਖਣ ਲਈ ਆਪਣਾ ਹਵਾਈ ਜਹਾਜ਼ ਭੇਜ ਕੇ ਉਨ੍ਹਾਂ ਦੀ ਇਜ਼ਜ਼ਤ ਨਾਲ ਵਾਪਸੀ ਯਕੀਨੀ ਬਣਾਉਣੀ ਚਾਹੀਦੀ ਸੀ।
ਵਿਰੋਧੀ ਧਿਰਾਂ ਨੇ ਇਹ ਵੀ ਮੁੱਦਾ ਉਠਾਇਆ ਕਿ ਭਾਰਤੀ ਨਾਗਰਿਕ ਵਿਦੇਸ਼ਾਂ ’ਚ ਜਾਨ-ਜੋਖਮ ’ਚ ਪਾ ਕੇ ਰੁਜ਼ਗਾਰ ਦੀ ਤਲਾਸ਼ ’ਚ ਕਿਉਂ ਜਾ ਰਹੇ ਹਨ। ਉਨ੍ਹਾਂ ਨੇ ਸਰਕਾਰ ’ਤੇ ਇਲਜ਼ਾਮ ਲਗਾਇਆ ਕਿ ਦੇਸ਼ ’ਚ ਰੁਜ਼ਗਾਰ, ਸਿੱਖਿਆ ਅਤੇ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ’ਚ ਅਸਫਲ ਰਹੀ ਹੈ, ਜਿਸ ਕਾਰਨ ਲੋਕ ਗੈਰਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ ਜਾਣ ਨੂੰ ਮਜਬੂਰ ਹਨ।
ਦਿੱਲੀ ’ਚ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੇ ਖਿਲਾਫ਼ ਹੱਥਕੜੀਆਂ ਪਾ ਕੇ ਵਿਲੱਖਣ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ’ਤੇ ਵਿਸਥਾਰਿਤ ਜਵਾਬ ਦੇਵੇ ਅਤੇ ਭਵਿੱਖ ਵਿੱਚ ਐਸੇ ਘਟਨਾਵਾਂ ਨੂੰ ਰੋਕਣ ਲਈ ਢੁਕਵੇਂ ਕਦਮ ਉਠਾਏ।
Posted By:
