ਕਪੂਰਥਲਾ 'ਚ ਚਾਇਨਾ ਡੋਰ ਵਿਰੁੱਧ ਮੁਹਿੰਮ: 25 ਹਜ਼ਾਰ ਰੁਪਏ ਤੱਕ ਇਨਾਮ

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਚਾਇਨਾ ਡੋਰ ਦੇ ਵਧਦੇ ਮਾੜੇ ਪ੍ਰਭਾਵਾਂ ਤੇ ਕਾਬੂ ਪਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਗਵਾਈ ਹੇਠ ਇਨਾਮੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ, ਚਾਇਨਾ ਡੋਰ ਦੀ ਵਰਤੋਂ, ਵਿਕਰੀ ਜਾਂ ਭੰਡਾਰਨ ਬਾਰੇ ਜਾਣਕਾਰੀ ਸਾਂਝੀ ਕਰਨ ਵਾਲੇ ਨੂੰ 25,000 ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁੱਪਤ ਰੱਖਿਆ ਜਾਵੇਗਾ।

ਪੰਜਾਬ ਸਰਕਾਰ ਨੇ ਸਿੰਥੈਟਿਕ, ਨਾਇਲਨ ਅਤੇ ਚਾਇਨਾ ਡੋਰ ਵਰਗੀਆਂ ਡੋਰਾਂ ਦੇ ਬਣਾਉਣ, ਵੇਚਣ, ਖਰੀਦਣ ਅਤੇ ਭੰਡਾਰਨ 'ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਤਾਵਰਣ ਸੰਭਾਲ ਅਧਿਨਿਯਮ 1986 ਅਨੁਸਾਰ ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਉੱਤੇ 10 ਹਜ਼ਾਰ ਰੁਪਏ ਤੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ ਲਗ ਸਕਦਾ ਹੈ।

ਸ਼ਕਾਇਤਾਂ ਜਾਂ ਜਾਣਕਾਰੀ ਲਈ ਲੋਕ 1800-180-2810 ਟੋਲ ਫ੍ਰੀ ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਇਸ ਰਾਹੀਂ ਨਾ ਸਿਰਫ ਚਾਇਨਾ ਡੋਰ ਦੇ ਖਤਰੇ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ, ਬਲਕਿ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਇਨਾ ਡੋਰ ਦੀ ਵਰਤੋਂ ਨਾ ਸਿਰਫ ਵਿਅਕਤੀਗਤ ਸੁਰੱਖਿਆ ਲਈ ਘਾਤਕ ਹੈ, ਬਲਕਿ ਵਾਤਾਵਰਣ ਲਈ ਵੀ ਹਾਨਿਕਾਰਕ ਹੈ। ਉਨ੍ਹਾਂ ਨੇ ਸਮੂਹ ਕਪੂਰਥਲਾ ਵਾਸੀਆਂ ਨੂੰ ਇਸ ਯੋਜਨਾ ਵਿੱਚ ਹਿੱਸਾ ਲੈਣ ਦਾ ਅਹਵਾਨ ਕੀਤਾ ਹੈ।


Posted By: Gurjeet Singh