ਧੂਰੀ, 22 ਮਾਰਚ (ਮਹੇਸ਼ ਜਿੰਦਲ) ਤਹਿਸੀਲ ਕੰਪਲੈਕਸ ਧੂਰੀ ਵਿਖੇ ਮਾਲ ਵਿਭਾਗ ਨਾਲ ਸਬੰਧਤ ਪਟਵਾਰੀਆਂ ਵੱਲੋਂ ਰੱਖੇ ਗਏ ਨਿੱਜੀ ਮੁਲਾਜ਼ਮਾਂ ਖਿਲਾਫ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਤਹਿਸੀਲ ਕੰਪਲੈਕਸ ਧੂਰੀ ਵਿਖੇ ਬਣੇ ਫਰਦ ਕੇਂਦਰ ਵਿੱਚ ਕੰਮ ਕਰਵਾ ਰਹੇ ਪਟਵਾਰੀਆਂ ਦੇ ਨਿੱਜੀ ਕਾਕਿਆਂ ਨੂੰ ਤਾੜਣਾ ਕਰਦਿਆਂ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਫਰਦ ਕੇਂਦਰਾਂ ਵਿੱਚ ਪਟਵਾਰੀਆਂ ਤੋਂ ਸਿਵਾਏ ਕਿਸੇ ਬਾਹਰੀ ਵਿਅਕਤੀ ਦੀ ਦਖਲਅੰਦਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਿਸੇ ਵੇਲੇ ਰਜਿਸਟਰੀ ਆਦਿ ਕਰਵਾਉਣ ਲਈ ਫਰਦਾਂ ਪਟਵਾਰੀ ਜਾਰੀ ਕਰਦੇ ਸਨ, ਪ੍ਰੰਤੂ ਅੱਜ-ਕੱਲ ਇਹ ਕੰਮ ਆਨਲਾਈਨ ਹੋਣ ਕਾਰਨ ਫਰਦ ਕੇਂਦਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਵੀ ਹਰ ਪ੍ਰਕਾਰ ਦੀ ਨਵੀਂ ਖਰੀਦੀ-ਵੇਚੀ ਜਾਇਦਾਦ ਦਾ ਇੰਦਰਾਜ ਪਟਵਾਰੀ ਆਪਣੇ ਮੈਨੂਅਲ ਰਜਿਸਟਰ ਵਿੱਚ ਕਰਦੇ ਹਨ। ਤਹਿਸੀਲ ਧੂਰੀ ਵਿਖੇ ਮਾਲ ਰਿਕਾਰਡ ਦੀ ਸਾਂਭ-ਸੰਭਾਲ ਦਾ ਜਿੰਮਾ ਕੁਝ ਕੁ ਪਟਵਾਰੀਆਂ ਨੂੰ ਛੱਡ ਕੇ ਬਹੁਤੇ ਪਟਵਾਰੀਆਂ ਨੇ ਅੱਜ-ਕੱਲ ਆਪਣੇ ਪ੍ਰਾਈਵੇਟ ਮੁਲਾਜ਼ਮਾਂ ਦੇ ਹਵਾਲੇ ਕੀਤਾ ਹੋਇਆ ਹੈ ਅਤੇ ਕਰੋੜਾਂ-ਅਰਬਾਂ ਰੁਪਏ ਦੇ ਮਾਲ ਰਿਕਾਰਡ ਵਿੱਚ ਬਹੁਤੀਆਂ ਐਂਟਰੀਆਂ ਆਦਿ ਇਹ ਪ੍ਰਾਈਵੇਟ ਵਿਅਕਤੀ ਹੀ ਕਰਦੇ ਹਨ ਅਤੇ ਜਾਣੇ-ਅਨਜਾਨੇ ਵਿੱਚ ਇਹਨਾਂ ਪ੍ਰਾਈਵੇਟ ਵਿਅਕਤੀਆਂ ਪਾਸੋਂ ਰਹਿ ਗਈ ਨਿੱਕੀ-ਮੋਟੀ ਗਲਤੀ ਦਾ ਖਾਮਿਆਜ਼ਾ ਵੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਅਤੇ ਭੋਲੇ-ਭਾਲੇ ਲੋਕਾਂ ਨੂੰ ਉਸ ਗਲਤੀ ਨੂੰ ਠੀਕ ਕਰਵਾਉਣ ਲਈ ਅਨੇਕਾਂ ਚੱਕਰ ਲਗਾ ਕੇ ਫਰਦ-ਬਦਰ ਕਰਾਉਣ ਲਈ ਹਜ਼ਾਰਾਂ ਰੁਪਏ ਵੀ ਖਰਚਣੇ ਪੈਂਦੇ ਹਨ। ਤਹਿਸੀਲ ਧੂਰੀ ਵਿਖੇ ਤਿਆਰ ਹੋਈਆਂ ਹਜ਼ਾਰਾਂ ਫਰਦ-ਬਦਰਾਂ ਇਸ ਗੱਲ ਦਾ ਸਬੂਤ ਵੀ ਹਨ। ਇਸ ਦੇ ਬਾਵਜੂਦ ਲੰਮੇਂ ਸਮੇਂ ਤੋਂ ਇਹ ਕੰਮ ਬਿਨਾਂ ਕਿਸੇ ਡਰ-ਭੈਅ ਦੇ ਪ੍ਰਾਈਵੇਟ ਵਿਅਕਤੀਆਂ ਦੇ ਹੱਥਾਂ ਵਿੱਚ ਚੱਲਦਾ ਆ ਰਿਹਾ ਹੈ। ਬਹੁਤੇ ਪਟਵਾਰ ਖਾਨਿਆਂ ਵਿੱਚ ਕਈ-ਕਈ ਸਾਲਾਂ ਤੋਂ ਬੈਠੇ ਇਹਨਾਂ ਪ੍ਰਾਈਵੇਟ ਮੁਲਾਜ਼ਮਾਂ ਨੂੰ ਹੀ ਲੋਕ ਅਸਲੀ ਪਟਵਾਰੀ ਸਮਝਣ ਲੱਗ ਪਏ ਹਨ ਅਤੇ ਇਹਨਾਂ ਹਲਕਿਆਂ ਦੇ ਬਹੁਤੇ ਪਟਵਾਰੀ ਇੰਦਰਾਜਾਂ ਉੱਪਰ ਕੇਵਲ ਦਸਤਖਤ ਹੀ ਕਰਦੇ ਹਨ। ਇਸ ਦੇ ਨਾਲ ਹੀ ਕਈ ਹਲਕਿਆਂ ਦੇ ਪਟਵਾਰੀ ਅੱਜ ਵੀ ਸਾਰਾ ਕੰਮ ਆਪਣੇ ਹੱਥੀਂ ਹੀ ਕਰਦੇ ਆ ਰਹੇ ਹਨ ਅਤੇ ਪ੍ਰਾਈਵੇਟ ਵਿਅਕਤੀਆਂ ਪਾਸੋਂ ਕੰਮ ਕਰਵਾਉਣ ਦੇ ਹੱਕ ਵਿੱਚ ਹੀ ਨਹੀਂ ਹਨ। ਤਹਿਸੀਲ ਕੰਪਲੈਕਸ ਵਿੱਚ ਰਜਿਸਟਰੀ ਸਮੇਂ ਹੀ ਇੰਤਕਾਲ ਦੀ ਫੀਸ ਭਰਵਾ ਲਏ ਜਾਣ ਅਤੇ ਰਜਿਸਟਰੀ ਹੋਣ ਤੋਂ 45 ਦਿਨਾਂ ਦੇ ਅੰਦਰ-ਅੰਦਰ ਯਕੀਨਨ ਇੰਤਕਾਲ ਹੋਣ ਦੇ ਸਰਕਾਰੀ ਦਾਅਵੇ ਵੀ ਕਈ ਵਾਰ ਕਾਗਜ਼ਾਂ ਤੱਕ ਹੀ ਸੀਮਤ ਜਾਪਦੇ ਹਨ ਕਿਉਂਕਿ ਬਹੁਤੇ ਪਟਵਾਰੀ ਸਬੰਧਤ ਵਿਅਕਤੀਆਂ ਨੂੰ ਰਜਿਸਟਰੀ ਦੀ ਫੋਟੋ ਕਾਪੀ ਮੰਗਾਉਣ ਦੇ ਬਹਾਨੇ ਪਟਵਾਰ ਖਾਨੇ ਬੁਲਾ ਕੇ ਇੰਤਕਾਲ ਦਰਜ ਕਰਨ ਦੀ ਗੱਲ ਅਜੇ ਵੀ ਕਰਦੇ ਹਨ। ਤਹਿਸੀਲ ਧੂਰੀ ਵਿੱਚ ਕੰਮ ਕਰਦੇ ਬਹੁਤੇ ਪਟਵਾਰੀਆਂ ਦੇ ਪ੍ਰਾਈਵੇਟ ਮੁਲਾਜ਼ਮ ਬਿਨਾਂ ਕਿਸੇ ਡਰ-ਭੈਅ ਦੇ ਪਟਵਾਰ ਖਾਨਿਆਂ ਵਿੱਚ ਬੈਠ ਕੇ ਮਾਲ ਰਿਕਾਰਡ ਵਿੱਚ ਐਂਟਰੀਆਂ ਕਰਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਮੁਲਾਜ਼ਮ ਸਰਕਾਰ ਵੱਲੋਂ ਨਹੀਂ ਰੱਖੇ ਗਏ ਹਨ ਤਾਂ ਇਹਨਾਂ ਦੇ ਘਰ-ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਅਤੇ ਇਹ ਆਪਣੇ ਖਰਚਿਆਂ ਦੀ ਪੂਰਤੀ ਕਿੱਥੋਂ ਅਤੇ ਕਿਵੇਂ ਕਰਦੇ ਹਨ।ਇਸੇ ਤਰਾਂ੍ਹ ਤਹਿਸੀਲ ਦਫਤਰ ਧੂਰੀ ਵਿਖੇ ਵੀ ਕੁੱਝ ਗੈਰ ਸਰਕਾਰੀ ਪ੍ਰਾਈਵੇਟ ਵਿਅਕਤੀ ਵੀ ਬਿਨਾਂ ਕਿਸੇ ਡਰ-ਭੈਅ ਦੇ ਸਰਕਾਰੀ ਕੰਮ-ਕਾਜ ਵਿੱਚ ਬਗੈਰ ਤਨਖਾਹ ਲਏ ਹੱਥ ਬਟਾਉਂਦੇ ਹਨ ਅਤੇ ਮਾਲ ਵਿਭਾਗ ਦੇ ਉੱਚ ਅਧਿਕਾਰੀ ਇਹ ਸਭ ਕੁੱਝ ਜਾਣਦੇ ਹੋਏ ਵੀ ਅੱਖਾਂ ਮੀਚ ਲੈਂਦੇ ਹਨ ਹਨ। ਤਹਿਸੀਲ ਕੰਪਲੈਕਸ ਧੂਰੀ ਵਿਖੇ ਵੀ ਇੰਨੀਂ ਦਿਨੀਂ ਰਿਸ਼ਵਤ ਦਾ ਚੱਲ ਰਿਹਾ ਭਾਰੀ ਬੋਲਬਾਲਾ ਵੀ ਕਿਸੇ ਤੋਂ ਲੁਕਿਆ-ਛਿਪਿਆ ਨਹੀਂ ਹੈ। ਬਹੁਤ ਸਾਰੇ ਵਸੀਕਾ ਨਵੀਸਾਂ ਤੋਂ ਲੈ ਕੇ ਤਹਿਸੀਲ ਦਫਤਰ ਦੇ ਕੁੱਝ ਕੁ ਨੂੰ ਛੱਡ ਕੇ ਛੋਟੇ ਤੋਂ ਲੈ ਕੇ ਵੱਡੇ ਅਫਸਰ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਪਾਸੋਂ ਰਿਸ਼ਵਤ ਦੇ ਰੂਪ ਵਿੱਚ ਇੱਕਠਾ ਕੀਤਾ ਸੇਵਾਫਲ ਸ਼ਾਮ ਨੂੰ ਰਲ਼ ਕੇ ਵੰਡ ਲੈਂਦੇ ਹਨ। ਹੁਣ ਦੇਖਣਾ ਇਹ ਹੈ ਕਿ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਦੇ ਧਿਆਨ ਵਿੱਚ ਇਹ ਮਾਮਲਾ ਆ ਜਾਣ ਨਾਲ ਉਹ ਇਸ ਗੱਲ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੇ ਹਨ। ਸ਼੍ਰੀ ਸਤਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮਾਲ ਵਿਭਾਗ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਲੋਕਾਂ ਪਾਸੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਜਰੂਰ ਲੈ ਕੇ ਆਉਣ। ਇੰਤਕਾਲਾਂ ਦੇ ਕਈ-ਕਈ ਮਹੀਨੇ ਲੇਟ ਹੋਣ ਦੇ ਮਾਮਲਿਆਂ ਸਬੰਧੀ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਪੜ੍ਹਤਾਲ ਕਰਵਾ ਕੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਪਟਵਾਰੀਆਂ ਖਿਲਾਫ ਵੀ ਬਣਦੀ ਕਾਰਵਾਈ ਕਰਨਗੇ।