ਅੱਜ ਭੋਗ 'ਤੇ ਵਿਸ਼ੇਸ਼ :ਸਵ ਸਰਦਾਰਨੀ ਸੁਖਦੇਵ ਕੌਰ ਬੰਗੀ ਰੁੱਘੂ

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ||ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ||ਨਿਰਮਲ ਮਹਾਂਵਾਕ ਅਨੁਸਾਰ ਸਰਦਾਰਨੀ ਸੁਖਦੇਵ ਕੌਰ ਜੀ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦਿਆਂ ਹੋਇਆਂ 16 ਜਨਵਰੀ 2024 ਨੂੰ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ |ਜੇਕਰ ਮਾਤਾ ਜੀ ਦੇ ਜੀਵਨ ਤੇ ਪੰਛੀ -ਝਾਤ ਮਾਰੀਏ ਤਾਂ ਇਸ ਰੱਬੀ ਤੇ ਰੱਜੀ ਰੂਹ ਦਾ ਜਨਮ 1942 'ਚ ਸਰਦਾਰ ਸਰੂਪ ਸਿੰਘ ਜ਼ੈਲਦਾਰ ਦੇ ਗ੍ਰਹਿ ਸਥਾਨ ਵਿਖੇ ਅਤੇ ਸਰਦਾਰਨੀ ਸ਼ਾਮ ਕੌਰ ਦੀ ਸੁਲੱਖਣੀ ਕੁੱਖੋਂ ਪਿੰਡ ਕੁਰੀਆਂਵਾਲੀ (ਜ਼ਿਲ੍ਹਾ ਸਿਰਸਾ) ਵਿਖੇ ਹੋਇਆ|ਆਪ ਜੀ ਚਾਰ ਭਰਾਵਾਂ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੇ ਸਨ|ਨਿਮਰਤਾ, ਸਬਰ,ਸਾਦਗੀ ਦੀ ਤ੍ਰਿਵੇਣੀ ਏਸ ਸੁਹਿਰਦ ਧੀ ਦਾ ਵਿਆਹ 1965 ਵਿੱਚ ਪਿੰਡ ਬੰਗੀ ਰੁੱਘੂ ਦੇ ਸਰਪੰਚ ਸ :ਗੁਰਬਚਨ ਸਿੰਘ ਜ਼ੈਲਦਾਰ ਦੇ ਹੋਣਹਾਰ ਪੁੱਤਰ ਸਰਦਾਰ ਹਰਿੰਦਰ ਸਿੰਘ ਜ਼ੈਲਦਾਰ ਨਾਲ ਸੁਭਾਗੇ ਦਿਨ ਹੋਇਆ |ਮਾਤਾ ਜੀ ਦੀ ਸੁਲੱਖਣੀ ਕੁੱਖੋਂ ਬੇਟੇ ਮਨਜੀਤ ਸਿੰਘ, ਧੀ ਮਹਿੰਦਰ ਪਾਲ ਕੌਰ ਅਤੇ ਬੇਟੇ ਸਰਬਜੀਤ ਸਿੰਘ ਨੇ ਜਨਮ ਲਿਆ |ਮਾਤਾ ਜੀ ਆਪ ਭਾਵੇਂ ਬਹੁਤੇ ਪੜ੍ਹੇ -ਲਿਖੇ ਨਹੀਂ ਸਨ ਪਰ ਇਹਨਾਂ ਨੇ ਆਪਣੀ ਔਲਾਦ ਨੂੰ ਪੜ੍ਹਾਇਆ -ਲਿਖਾਇਆ ਅਤੇ ਚੰਗੇ ਸੰਸਕਾਰ /ਨਿੱਗਰ ਵਿਚਾਰਧਾਰਾ ਗੁੜ੍ਹਤੀ ਰਾਹੀਂ ਦਿੱਤੇ |ਮਿਹਨਤ, ਇਮਾਨਦਾਰੀ, ਲਗਨ, ਆਤਮ -ਵਿਸ਼ਵਾਸ ਦੇ ਧਾਰਨੀ ਮਾਤਾ ਸੁਖਦੇਵ ਕੌਰ ਜੀ ਨੇ ਕੱਚੇ ਘਰਾਂ ਦੇ ਸਫ਼ਰ ਤੋਂ ਕੋਠੀਆਂ ਤੱਕ ਦਾ ਸਮਾਂ ਵੇਖਿਆ, ਊਠਾਂ- ਬਲਦਾਂ ਦੀ ਖੇਤੀ ਤੋਂ ਟਰੈਕਟਰਾਂ ਤੱਕ ਦੀ ਖੇਤੀ ਨੂੰ ਆਪਣੇ ਅੱਖੀਂ ਤੱਕਿਆ |ਕਿਸੇ ਨਾਲ ਵੈਰ -ਵਿਰੋਧ ਨਾ ਰੱਖਣ ਵਾਲੇ, ਧਾਰਮਿਕ ਖ਼ਿਆਲਾਂ 'ਚ ਰੰਗੇ,ਘੱਟ ਬੋਲਣ ਵਾਲੇ,ਸਬਰ,ਸਹਿਣਸ਼ੀਲਤਾ,ਸਿਆਣਪ,ਦਰਿਆਦਿਲੀ ਅਤੇ ਹਮਦਰਦੀ ਵਰਗੇ ਗੁਣਾਂ ਨਾਲ ਭਰਪੂਰ ਮਾਤਾ ਸੁਖਦੇਵ ਕੌਰ ਜੀ ਨੇ ਕਦੇ ਮੱਥੇ ਵੱਟ ਨਹੀਂ ਪਾਇਆ,ਸਗੋਂ ਅਣਖਿਝ ਤੇ ਅਣਥੱਕ ਹੋ ਕੇ ਪਰਿਵਾਰ ਦੇ ਖੇਤੀ ਕੰਮਾਂ ,ਮਾਲ -ਡੰਗਰ ਦੀ ਸੇਵਾ ਸੰਭਾਲ, ਘਰੇਲੂ ਕੰਮਾਂ ਅਤੇ ਰਾਜਸੀ ਸੇਵਾ ਕਰ ਕੇ ਜਿੱਥੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ, ਉੱਥੇ ਜ਼ੈਲਦਾਰ ਪਰਿਵਾਰ ਦੀ ਇਲਾਕੇ ਵਿੱਚ ਖ਼ਾਨਦਾਨੀ ਚਮਕ ਅਤੇ ਚੜ੍ਹਤ ਨੂੰ ਬਰਕਰਾਰ ਰੱਖਿਆ |ਇਹਨਾਂ ਦੇ ਲੋਕ -ਪੱਖੀ ਪਰਿਵਾਰ ਦੇ ਵਿੱਚੋਂ ਸਰਦਾਰ ਹਰਿੰਦਰ ਸਿੰਘ ਜ਼ੈਲਦਾਰ ਦੇ ਸਤਿਕਾਰਯੋਗ ਪਿਤਾ ਸਰਦਾਰ ਗੁਰਬਚਨ ਸਿੰਘ ਜ਼ੈਲਦਾਰ 1952 ਵਿੱਚ ਪਹਿਲੀ ਵਾਰ ਸਰਪੰਚ ਬਣੇ ਤੇ 10 ਸਾਲ ਪਿੰਡ ਦੀ ਇਮਾਨਦਾਰੀ ਦੇ ਨਾਲ ਸਰਪੰਚੀ ਕੀਤੀ|ਕਹਿੰਦੇ ਹਨ ਕਿਸੇ ਮਰਦ ਦੀ ਕਾਮਯਾਬੀ ਪਿੱਛੇ ਕਿਸੇ ਸੁਚੱਜੀ ਔਰਤ ਦਾ ਹੱਥ ਹੁੰਦਾ ਹੈ, ਇਹ ਧਾਰਨਾ ਸਰਦਾਰ ਹਰਿੰਦਰ ਸਿੰਘ ਜ਼ੈਲਦਾਰ ਤੇ ਸਰਦਾਰਨੀ ਸੁਖਦੇਵ ਕੌਰ ਜੀ ਦੇ 58 ਸਾਲ ਦੇ ਬੇਮਿਸਾਲ ਗ੍ਰਹਿਸਥੀ ਜੀਵਨ 'ਚੋਂ ਪ੍ਰਤੱਖ ਵੇਖੀ ਜਾ ਸਕਦੀ ਹੈ |ਸਰਦਾਰਨੀ ਸੁਖਦੇਵ ਕੌਰ ਦੇ ਸਹਿਯੋਗ ਸਦਕਾ ਸਰਦਾਰ ਹਰਿੰਦਰ ਸਿੰਘ ਜ਼ੈਲਦਾਰ 1986 ਤੋਂ ਲੈ ਕੇ 2003 ਤੱਕ ਪਿੰਡ ਬੰਗੀ ਰੁੱਘੂ ਦੇ ਸਰਪੰਚ ਰਹੇ, ਸਹਿਕਾਰੀ ਸਭਾ ਬੰਗੀ ਰੁੱਘੂ ਦੇ ਪ੍ਰਧਾਨ, ਡਾਇਰੈਕਟਰ ਲੈਂਡ ਮਾਰਗੇਜ ਬੈਂਕ ਤਲਵੰਡੀ ਸਾਬੋ , ਮੈਬਰ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ , ਡਾਇਰੈਕਟਰ ਮਾਰਕਫੈਡ ਸੋਸਾਇਟੀ ਰਾਮਾ ਵਜੋਂ ਇਮਾਨਦਾਰੀ ਨਾਲ ਸੇਵਾ ਕਰਦੇ ਰਹੇ |ਉਸ ਤੋਂ ਵੀ ਵੱਡੀ ਗੱਲ ਮਾਤਾ ਸੁਖਦੇਵ ਕੌਰ ਜੀ ਨੂੰ 2003 ਤੋਂ 2008 ਤੱਕ ਖ਼ੁਦ ਨੂੰ ਪਿੰਡ ਬੰਗੀ ਰੁੱਘੂ ਦੀ ਪਹਿਲੀ ਮਹਿਲਾ ਸਰਪੰਚ ਹੋਣ ਦਾ ਵੀ ਮਾਣ ਹਾਸਿਲ ਹੈ| ਲੰਬਾ ਸਮਾਂ ਪਰਿਵਾਰ ਕੋਲ ਪਿੰਡ ਦੀ ਸਰਪੰਚੀ,ਰਾਜਸੀ ਅਹੁਦੇ ਹੋਣ ਕਾਰਨ,ਵਿੱਦਿਅਕ ਅਦਾਰੇ ਦੇ ਸੰਚਾਲਕ ਹੋਣ ਕਾਰਨ ਅਤੇ ਵੱਡੇ ਪੱਧਰ 'ਤੇ ਲੀਹ ਪਾੜੂ ਖੇਤੀ ਕਰਦੇ ਹੋਣ ਕਰ ਕੇ ਇਹਨਾਂ ਦੇ ਘਰ ਵਿੱਚ ਰਾਜਸੀ ਹਸਤੀਆਂ,ਅਧਿਕਾਰੀਆਂ/ਕਰਮਚਾਰੀਆਂ,ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀਆਂ ਦਾ ਸਦਾ ਆਉਣ -ਜਾਣ ਰਿਹਾ |ਮਾਤਾ ਜੀ ਨੇ ਘਰ ਆਏ ਹਰੇਕ ਵਿਅਕਤੀ ਦੀ ਸਤਿਕਾਰ ਅਤੇ ਸ਼ਰਧਾ ਨਾਲ ਦਿਲੋਂ ਸੇਵਾ ਕੀਤੀ ਅਤੇ ਗ਼ਰੀਬ / ਲੋੜਵੰਦ ਲੋਕਾਂ ਦੀ ਸਦਾ ਹਰ ਸੰਭਵ ਮਦਦ ਕੀਤੀ |ਇਹਨਾਂ ਤੋਂ ਮਿਲੀ ਸਿੱਖਿਆ, ਸੇਧ, ਯੋਗ ਅਗਵਾਈ ਅਤੇ ਸੁਚੱਜੇ ਮਾਰਗ ਦਰਸ਼ਨ ਕਾਰਨ ਅੱਜ ਇਹਨਾਂ ਦਾ ਲਾਇਕ ਪੁੱਤਰ ਸਰਦਾਰ ਮਨਜੀਤ ਸਿੰਘ ਚੰਡੀਗੜ੍ਹ ਪ੍ਰਸ਼ਾਸਨ ਦੇ ਜਨ ਸਿਹਤ ਵਿਭਾਗ ਵਿੱਚ ਬਾਖੂਬੀ ਨੌਕਰੀ ਕਰ ਰਿਹਾ ਹੈ |ਸਰਬਜੀਤ ਸਿੰਘ ਆਪਣੇ ਪਰਿਵਾਰਕ ਜੀਆਂ,ਭਾਈਵਾਲ ਸਰਦਾਰ ਯਾਦਵਿੰਦਰ ਸਿੰਘ ਤੇ ਸਰਦਾਰਨੀ ਮਨਜਿੰਦਰ ਪ੍ਰੀਤ ਕੌਰ ਜੀ ਦੇ ਸਹਿਯੋਗ ਅਤੇ ਇਲਾਕਾ ਨਿਵਾਸੀਆਂ ਦੇ ਵਿਸ਼ਵਾਸ ਸਦਕਾ ਮਾਸਟਰ ਮਾਈਂਡ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਰਾਹੀਂ ਇਲਾਕੇ ਵਿੱਚ ਮਿਆਰੀ ਕਿਸਮ ਦੀ ਵਿੱਦਿਆ ਦਾ ਚਾਨਣ ਵੰਡ ਰਹੇ ਹਨ | ਸਰਬਜੀਤ ਸਿੰਘ ਵੱਡੇ ਪੱਧਰ 'ਤੇ ਸਬਜ਼ੀਆਂ ਦੇ ਬੀਜ ਉਤਪਾਦਨ ਨੂੰ ਲੈ ਕੇ ਇਸ ਇਲਾਕੇ ਵਿੱਚ ਆਪਣਾ ਖ਼ਾਸ ਰੁਤਬਾ ਰੱਖਦੇ ਹਨ |ਮਾਤਾ ਸੁਖਦੇਵ ਕੌਰ ਜੀ ਦੇ ਇਸ ਆਦਰਸ਼ਵਾਦੀ, ਖਾਨਦਾਨੀ ਅਤੇ ਸਾਫ਼ -ਸੁਥਰੇ ਅਕਸ ਵਾਲੇ ਪਰਿਵਾਰ ਦੇ ਵਿੱਚੋਂ ਹਮਸਫ਼ਰ ਸਰਦਾਰ ਹਰਿੰਦਰ ਸਿੰਘ ਜ਼ੈਲਦਾਰ,ਪੁੱਤਰ ਮਨਜੀਤ ਸਿੰਘ ਤੇ ਨੂੰਹ ਸ਼ਵਿੰਦਰ ਕੌਰ, ਪੁੱਤਰ ਸਰਬਜੀਤ ਸਿੰਘ ਤੇ ਨੂੰਹ ਕਰਮਜੀਤ ਕੌਰ, ਧੀ ਮਹਿੰਦਰ ਪਾਲ ਕੌਰ ਤੇ ਜਵਾਈ ਸਰਦਾਰ ਮਨਪ੍ਰੀਤ ਸਿੰਘ ਸੰਧੂ,ਪੋਤਰੇ ਤੇਗਵੀਰ ਸਿੰਘ ਕਨੇਡਾ, ਪੋਤਰੀ ਅਰਸ਼ਵੀਰ ਕੌਰ ਕਨੇਡਾ, ਪੋਤਰਾ ਗੁਰਵੀਰ ਸਿੰਘ ਤੇ ਦੋਹਤਾ ਸੁਰਖ਼ਾਬ ਸਿੰਘ ਕਨੇਡਾ ਮਾਨਵੀ ਗੁਣਾਂ ਕਾਰਨ ਲੋਕ -ਦਿਲਾਂ ਵਿੱਚ ਖ਼ਾਸ ਥਾਂ ਰੱਖਦੇ ਹਨ |ਮਾਤਾ ਜੀ ਭਾਵੇਂ ਸਰੀਰਕ ਤੌਰ 'ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਫਿਰ ਵੀ ਆਪਣੀ ਉਸਾਰੂ ਸੋਚ,ਸ਼ਾਂਤ ਸੁਭਾਅ, ਸਮਾਜ -ਸੇਵਾ ਅਤੇ ਵਜ਼ਨਦਾਰ ਜੀਵਨ -ਸ਼ੈਲੀ ਕਰਕੇ ਹਮੇਸ਼ਾ ਪਰਿਵਾਰ ਅਤੇ ਸਮਾਜ ਦੇ ਲਈ ਜਿਉਂਦੇ -ਜਾਗਦੇ ਪ੍ਰਤੀਤ ਹੁੰਦੇ ਰਹਿਣਗੇ|ਸਵ :ਸੁਖਦੇਵ ਕੌਰ ਜੀ ਨੂੰ ਸਮਰਪਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 26 ਜਨਵਰੀ 2024 (ਦਿਨ ਸ਼ੁੱਕਰਵਾਰ) ਨੂੰ ਮਾਸਟਰ ਮਾਇੰਡ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਬੰਗੀ ਰੁੱਘੂ (ਜ਼ਿਲ੍ਹਾ ਬਠਿੰਡਾ )ਵਿਖੇ ਦੁਪਹਿਰ 12:30 ਵਜੇ ਹੋਵੇਗੀ, ਜਿੱਥੇ ਵਿਛੜੀ ਆਤਮਾ ਨੂੰ ਰਾਜਸੀ ,ਧਾਰਮਿਕ ,ਵਿਦਿਅਕ, ਕਲਾ, ਸਾਹਿਤਕ ਹਸਤੀਆਂ ਸਮੇਤ , ਵੱਖ -ਵੱਖ ਵਿਭਾਗਾਂ ਦੇ ਅਧਿਕਾਰੀ /ਕਰਮਚਾਰੀ, ਵਿਦਿਆਰਥੀ, ਮਾਪੇ, ਪੰਚਾਇਤਾਂ, ਕਲੱਬ,ਪਿੰਡ ਵਾਸੀ,ਰਿਸ਼ਤੇਦਾਰ,ਸਕੇ- ਸਬੰਧੀ ਸ਼ਰਧਾਂਜਲੀ ਭੇਂਟ ਕਰਨਗੇ|ਰਚਨਾ :ਤਰਸੇਮ ਸਿੰਘ ਬੁੱਟਰ