ਗੰਨੇ ਦੀ ਅਦਾਇਗੀ ਲਈ ਸ਼ੁਰੂ ਕੀਤਾ ਮਰਨ ਵਰਤ ਛੇਵੇਂ ਦਿਨ ਵੀ ਜਾਰੀ

ਗੰਨੇ ਦੀ ਅਦਾਇਗੀ ਲਈ ਸ਼ੁਰੂ ਕੀਤਾ ਮਰਨ ਵਰਤ ਛੇਵੇਂ ਦਿਨ ਵੀ ਜਾਰੀ
ਧੂਰੀ, 23 ਮਾਰਚ (ਮਹੇਸ਼ ਜਿੰਦਲ) - ਸਥਾਨਕ ਖੰਡ ਮਿੱਲ ਵੱਲ ਗੰਨੇ ਦੀ ਰਹਿੰਦੀ ਬਕਾਇਆ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਲੰਘੇ ਕਈ ਦਿਨਾਂ ਤੋਂ ਗੰਨਾ ਮਿੱਲ ਪ੍ਰਬੰਧਕਾਂ, ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਉਜਾਗਰ ਸਿੰਘ ਅਤੇ ਮਹਿੰਦਰ ਸਿੰਘ ਬੜੈਚ ਦੀ ਸਿਹਤ ਦਾ ਹਾਲ ਜਾਣਨ ਲਈ ਭਾਕਿਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਧੂਰੀ ਪੁੱਜੇ। ਇਕੱਠ ਨੂੰ ਸੰਬੋਧਨ ਕਰਦਿਆਂ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਦਾ ਗੰਨੇ ਦਾ 800 ਕਰੋੜ ਰੁਪਏ ਦਾ ਬਕਾਇਆ ਨਿੱਜੀ ਖੰਡ ਮਿੱਲਾਂ ਅਤੇ 290 ਕਰੋੜ ਰੁਪਏ ਬਕਾਇਆ ਕੋਆਪਰੇਟਿਵ ਮਿੱਲਾਂ ਵੱਲੋਂ ਹੈ, ਜਦ ਕਿ ਪਿਛਲੇ ਸਾਲ ਦੀ ਕੋਆਪਰੇਟਿਵ ਮਿੱਲਾਂ ਵੱਲ 80 ਕਰੋੜ ਅਤੇ ਨਿੱਜੀ ਮਿੱਲਾਂ ਵੱਲ 150 ਕਰੋੜ ਦੀ ਅਦਾਇਗੀ ਰਹਿੰਦੀ ਹੈ। ਉਨਾਂ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਹਾਸਿਲ ਕਰਨ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਗੰਨੇ ਦੇ ਪੈਸੇ ਦਿਵਾਉਣ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ’ਚ ਬੁਰੀ ਤਰਾਂ ਨਾਕਾਮ ਸਾਬਤ ਹੋਈ ਹੈ। ਉਨਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਪਿਛਲੇ ਛੇ ਦਿਨਾਂ ਤੋਂ ਮਰਨ ਵਰਤ ’ਤੇ ਬੈਠਾ ਹੈ, ਪ੍ਰੰਤੂ ਸੱਤਾ ਦੇ ਨਸ਼ੇ ’ਚ ਚੂਰ ਕਾਂਗਰਸ ਸਰਕਾਰ ਵੱਲੋਂ ਸਾਰ ਨਹੀਂ ਲਈ ਜਾ ਰਹੀ। ਉਨਾਂ ਲੰਘੇ ਦਿਨੀਂ ਮਰਨ ਵਰਤ ’ਤੇ ਬੈਠੇ ਮਹਿੰਦਰ ਸਿੰਘ ਵੜੈਚ ਨੂੰ ਪ੍ਰਸ਼ਾਸਨ ਵੱਲੋਂ ਚੁੱਕੇ ਜਾਣ ਦੀ ਨਿੰਦਾ ਵੀ ਕੀਤੀ। ਉਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਰਹਿੰਦੀ ਬਕਾਇਆ ਰਾਸ਼ੀ ਦਿਵਾਈ ਜਾਵੇ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਆਉਣ ਵਾਲੇ ਦਿਨਾਂ ’ਚ ਮਰਨ ਵਰਤ ’ਤੇ ਬੈਠਣ ਵਾਲੇ ਕਿਸਾਨਾਂ ਦੀ ਗਿਣਤੀ ’ਚ ਵਾਧਾ ਲਗਾਤਾਰ ਜਾਰੀ ਰਹੇਗਾ ਅਤੇ ਇਸ ਦੇ ਖ਼ਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭੁਗਤਣਾ ਪਵੇਗਾ। ਇਸ ਮੌਕੇ ਜਗਸੀਰ ਸਿੰਘ, ਅਵਤਾਰ ਸਿੰਘ ਬਾਦਸ਼ਾਹਪੁਰ, ਜਰਨੈਲ ਸਿੰਘ ਜਹਾਂਗੀਰ, ਨਿਰਮਲ ਸਿੰਘ ਘਨੌਰ, ਅਜਮੇਰ ਸਿੰਘ ਹੁੰਦਲ, ਡਾ.ਅਨਵਰ ਭਸੌੜ, ਨਰੰਜਨ ਸਿੰਘ ਦੋਹਲਾ, ਕਿਰਪਾਲ ਸਿੰਘ ਰਾਜੋਮਾਜਰਾ ਤੇ ਮੇਜਰ ਸਿੰਘ ਪੰੁਨਾਂਵਾਲ ਵੀ ਹਾਜ਼ਰ ਸਨ। ਦੂਜੇ ਪਾਸੇ ਗੰਨੇ ਦੀ ਬਕਾਇਆ ਅਦਾਇਗੀ ਦੀ ਮੰਗ ਨੂੰ ਲੈ ਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਸ਼ੁਰੂ ਕੀਤਾ ਗਿਆ ਧਰਨਾ 17ਵੇਂ ਦਿਨ ਵੀ ਜਾਰੀ ਰਿਹਾ। ਜਿਸ ਕਾਰਨ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਰਹੀ।

Posted By: MAHESH JINDAL