ਬ੍ਰਹਮ ਗਿਆਨ ਦੇ ਨਾਲ ਹੀ ਪਿਆਰ,ਪ੍ਰੀਤ,ਨਿਮਰਤਾ ਜਿਹੇ ਦੈਵੀ ਗੁਣ ਸੰਭਵ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ`

ਬਠਿੰਡਾ 9 ਸਤੰਬਰ (ਸੰਦੀਪ ਰਾਣਾ) :ਅੱਜ ਬਠਿੰਡਾ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛੱਤਰਛਾਇਆ ਹੇਠ ਵਿਸ਼ਾਲ ਨਿੰਰਕਾਰੀ ਸੰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਬੰਠਿਡਾ ਤੋ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ/ਸ਼ਰਧਾਲੂਆਂ ਨੇ ਸਤਿਗੁਰੂ ਮਾਤਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਨੇ ਆਪਣੇ ਪ੍ਰਵਚਨਾਂ ਦੌਰਾਨ ਫਰਮਾਇਆ ਕਿ ਇਸ ਦੁਨੀਆਂ ਵਿੱਚ ਸਥਿਰ ਰਹਿਣ ਵਾਲੀ ਚੀਜ਼ ਕੇਵਲ ਪ੍ਰਭੂ ਪ੍ਰਮਾਤਮਾ ਹੀ ਹੈ ਇਸ ਲਈ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਪ੍ਰਮਾਤਮਾ ਦਾ ਆਸਰਾ ਲੈਂਦੇ ਹੋਏ ਆਪਣਾ ਜੀਵਣ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਬ੍ਰਹਮ ਗਿਆਨ ਦੀ ਮਹੱਤਤਾ ਦੇ ਬਾਰੇ ਵਿਸ਼ੇਸ਼ ਚਰਚਾ ਕਰਦੇ ਹੋਏ ਕਿਹਾ ਕਿ ਜਦੋਂ ਇਨਸਾਨ ਦੇ ਜੀਵਣ ਵਿੱਚ ਬ੍ਰਹਮ ਗਿਆਨ ਦੀ ਦਾਤ ਆਉਂਦੀ ਹੈ ਤਾਂ ਉਸਦੇ ਜੀਵਨ ਵਿੱਚ ਪਿਆਰ, ਪ੍ਰੀਤ ਨਿਮਰਤਾ ਜਿਹੇ ਦੈਵੀ ਗੁਣ ਹਮੇਸ਼ਾ ਲਈ ਘਰ ਕਰ ਜਾਂਦੇ ਹਨ। ਜਦੋਂ ਜੀਵਣ ਵਿੱਚ ਪਿਆਰ ਆਉੁਂਦਾ ਹੈ ਉਸ ਤੋਂ ਬਾਅਦ ਹੀ ਇਨਸਾਨ ਦੇ ਜੀਵਨ ਵਿੱਚ ਦੂਸਰਿਆਂ ਦੇ ਪ੍ਰਤੀ ਸਤਿਕਾਰ ਦੇ ਭਾਵ ਪੈਦਾ ਹੁੰਦੇ ਹਨ। ਉਹਨਾਂ ਉਦਾਹਰਣ ਦਿੰਦੇ ਹੋਏ ਫਰਮਾਇਆ ਕਿ ਜਿਸ ਤਰਾਂ ਤੁਫ਼ਾਨ ਤੋਂ ਬਚਣ ਲਈ ਇਨਸਾਨ ਕਿਸੇ ਸਥਿਰ ਚੀਜ਼ ਨੂੰ ਪਕੜ ਕੇ ਆਪਣਾ ਬਚਾਅ ਕਰਦਾ ਹੈ ਉਸੇ ਤਰਾਂ ਜੀਵਣ ਵਿੱਚ ਆਉਂਦੇ ਉਤਾਰ ਚੜਾਅ ਤੋਂ ਬਚਣ ਲਈ ਨਿੰਰਕਾਰ ਪ੍ਰਮਾਤਮਾ ਦਾ ਸਿਮਰਨ ਰੂਪ ਵਿਚ ਸਹਾਰਾ ਲਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਇੱਕ ਇਨਸਾਨ ਨਾਲ ਕੇਵਲ ਪਿਆਰ ਸਤਿਕਾਰ ਹੀ ਕਰਨਾ ਹੈ, ਨਫਰਤ ਦਾ ਭਾਵ ਕਦੇ ਵੀ ਕਿਸੇ ਪ੍ਰਤੀ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ। ਜੇਕਰ ਕੋਈ ਸਾਨੂੰ ਕੜਵਾ ਸ਼ਬਦ ਕਹਿ ਵੀ ਦੇਵੇ ਤਾਂ ਇਹ ਸੋਚੋ ਕਿ ਇਹ ਉਸਦੀ ਮਜਬੂਰੀ ਵੀ ਹੋ ਸਕਦੀ ਹੈ ਭਾਵ ਨਫਰਤ ਕਰਨ ਵਾਲੇ ਨਾਲ ਵੀ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਮਰਨ ਦੇ ਰਾਹੀਂ ਨਿਰੰਕਾਰ ਨਾਲ ਨਾਤਾ ਜੋੜਨਾ ਬਹੁਤ ਜਰੂਰੀ ਹੈ। ਅਸੀਂ ਸਭ ਨੇ ਕੋਸਿਸ਼ ਕਰਨੀ ਹੈ ਕਿ ਕਰਮ ਅਤੇ ਪਿਆਰ ਦੀ ਭਾਸ਼ਾ ਰਾਹੀਂ ਪ੍ਰਭੂ ਪ੍ਰਮਾਤਮਾ ਨਾਲ ਨਾਤਾ ਜੋੜ ਕੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਿੱਚ ਵਾਧਾ ਕਰੀਏ।ਇਸ ਮੌਕੇ ਬਠਿੰਡਾ ਦੇ ਜੋਨਲ ਇੰਚਾਰਜ ਐਸ.ਪੀ.ਦੁੱਗਲ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਬਠਿੰਡਾ ਦੀ ਪਾਵਨ ਧਰਤੀ 'ਤੇ ਪੰਹੁਚਣ ਮੌਕੇ ਸਤਿਕਾਰ ਸਹਿਤ ਧੰਨਵਾਦ ਕੀਤਾ ਇਸਦੇ ਨਾਲ ਹੀ ਸਮੂਹ ਸੰਗਤਾਂ, ਜ਼ਿਲਾ ਪ੍ਰਸਾਸ਼ਨ, ਪੁਲਿਸ ਵਿਭਾਗ, ਨਗਰ ਨਿਗਮ ਪ੍ਰਬੰਧਕਾਂ, ਗਰੀਨ ਸਿਟੀ ਫੇਜ਼ 4-5 ਦੇ ਪ੍ਰਬੰਧਕਾਂ, ਪਤਵੰਤੇ ਸੱਜਣਾਂ, ਸੇਵਾਦਾਰਾਂ, ਸਹਿਯੋਗੀਆਂ ਆਦਿ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਨੂੰ ਕਿਹਾ। ਇਸੇ ਮੌਕੇ ਵਪਾਰ ਮੰਡਲ, ਬੀ.ਸੀ.ਸੀ.ਆਈ ਅਤੇ ਇੰਡਸਟਰੀਅਲ ਗਰੋਥ ਸੈਂਟਰ ਦੇ ਆਗੂਆਂ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੂੰ ਸਨਮਾਨ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਜੀ ਆਇਆਂ ਨੂੰ ਕਿਹਾ। ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ, ਧਾਰਮਿਕ ਸੰਸਥਾਵਾਂ ਦੇ ਆਗੂ, ਸ਼ਹਿਰ ਵਾਸੀ, ਰਾਜਨੀਤਿਕ ਸੰਸਥਾਵਾਂ ਦੇ ਆਗੂ ਆਦਿ ਹਾਜਰ ਸਨ।