ਬਾਜ਼ਾਰ ਤੇ ਬੈਂਕਾਂ ਦਾ ਸਮਾਂ ਘੱਟ ਹੋਣ ਕਾਰਨ ਲੋਕ ਪ੍ਰੇਸ਼ਾਨਦੋਰਾਹਾ,ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਵਲੋਂ ਵੀਕਐਂਡ ਲਾਕਡਾਊਨ ਸਮੇਤ ਹੋਰ ਸਖ਼ਤੀਆਂ 'ਚ ਬਾਜ਼ਾਰ ਦਾ ਸਮਾਂ 5 ਤੋਂ 1 ਤੇ ਬੈਂਕਾਂ ਦਾ ਸਮਾਂ ਸਵੇਰ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਨ 'ਤੇ ਜਿਥੇ ਵਪਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਆਮ ਲੋਕਾਂ ਨੂੰ ਆਦਾਨ ਪ੍ਰਦਾਨ ਕਰਨ ਵਿਚ ਵਧੇਰੇ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਬੈਂਕਾਂ ਦਾ ਸਮਾਂ ਘੱਟ ਹੋਣ ਕਾਰਨ ਬੈਂਕ ਅੱਗੇ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਦੂਸਰਾ ਇਹ ਵੀ ਹੈ ਕਿ ਕੁਝ ਬੈਂਕਾਂ ਦੇ ਮੁਲਾਜ਼ਮ ਵੀ ਆਪਣੀ ਡਿਊਟੀ 'ਤੇ ਨਾ ਪਾਬੰਦ ਰਹਿਕੇ ਗ੍ਰਾਹਕਾਂ ਨਾਲ ਦੁਰਵਿਵਹਾਰ ਕਰਦੇ ਹਨ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਸਥਾਨਕ ਮੰਡੀ ਤੇ ਆਸ ਪਾਸ ਦੇ ਪਿੰਡਾਂ ਦੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਸਬੰਧੀ ਕੰਮਾਂ ਕਾਜਾਂ ਲਈ ਕਈ ਦਿਨ ਨਿਰਾਸ਼ ਮੁੜਣਾ ਪੈ ਰਿਹਾ ਹੈ | ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਬਾਜ਼ਾਰ ਤੇ ਬੈਂਕਾਂ ਦਾ ਘੱਟ ਸਮਾਂ ਹੋਣ ਕਾਰਨ ਬਾਜ਼ਾਰ ਵਿਚ ਬਹੁਤ ਭੀੜ ਹੁੰਦੀ ਹੈ ਤੇ ਬੈਂਕਾਂ ਵਿਚ ਗਾ੍ਰਹਕਾਂ ਦੀਆਂ ਲੰਬੀਆਂ ਕਤਾਰਾਂ ਲੱਗਦੀਆਂ ਹਨ, ਇਸ ਨਾਲ ਲੋਕਾਂ ਨੂੰ ਗਰਮੀ ਦੇ ਇਸ ਮੌਸਮ 'ਚ ਲੰਬਾਂ ਸਮਾਂ ਲਗਾਤਾਰ ਖੜੇ ਰਹਿਣਾ ਪੈਂਦਾ ਹੈ ਤੇ ਇਕੱਠ ਜ਼ਿਆਦਾ ਹੋਣ ਕਾਰਨ ਬਿਮਾਰੀ ਫੈਲਣ ਦਾ ਡਰ ਵੀ ਜ਼ਿਆਦਾ ਹੈ | ਇਸ ਲਈ ਪ੍ਰਸ਼ਾਸਨ ਨੂੰ ਬਾਜ਼ਾਰ ਦਾ ਸਮਾਂ ਵਧਾਉਣਾ ਚਾਹੀਦਾ ਹੈ ਤਾਂ ਕਿ ਸਮਾਂ ਵੱਧ ਹੋਣ ਕਾਰਨ ਗ੍ਰਾਹਕਾਂ ਨੂੰ ਆਪਣੀ ਵਾਰੀ ਦੀ ਉਡੀਕ 'ਚ ਲੰਬਾ ਸਮਾਂ ਖੜੇ ਨਾ ਰਹਿਣਾ ਪਵੇ ਤੇ ਜ਼ਿਆਦਾ ਭੀੜ ਵੀ ਨਾ ਹੋਵੇ |