ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਮੇਂ ਵਿੱਚ ਚਿੱਟੇ ਦੀ ਭੇਂਟ ਚੜਨ ਕਰਕੇ ਮੌਤ ਦੇ ਮੂੰਹ ਜਾ ਪਏ ਸਥਾਨਕ ਨਗਰ ਦੇ ਇੱਕ ਮੁਸਲਿਮ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਦੇ ਮਕਸਦ ਨਾਲ ਥਾਣੇ ਗਏ ਮਜਦੂਰ ਮੁਕਤੀ ਮੋਰਚਾ ਦੇ ਆਗੂਆਂ ਵੱਲੋਂ ਤਲਵੰਡੀ ਸਾਬੋ ਥਾਣਾ ਮੁਖੀ ਤੇ ਕਥਿਤ ਧਮਕੀਆਂ ਦੇਣ ਦੇ ਲਾਏ ਸੰਗੀਨ ਦੋਸ਼ਾਂ ਉਪਰੰਤ ਅੱਜ ਮਜਦੂਰ ਮੁਕਤੀ ਮੋਰਚਾ ਦੇ ਕਾਰਕੁੰਨਾਂ ਅਤੇ ਮ੍ਰਿਤਕ ਨੌਜਵਾਨ ਦੇ ਪੀੜਿਤ ਪਰਿਵਾਰ ਵੱਲੋਂ ਥਾਣਾ ਤਲਵੰਡੀ ਸਾਬੋ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਥਾਣਾ ਮੁਖੀ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮਜਦੂਰ ਮੁਕਤੀ ਮੋਰਚਾ ਦੇ ਸੀਨੀਅਰ ਆਗੂ ਕਾ. ਮੱਖਣ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਜੀਵਨ ਖਾਂ ਦੇ ਪੁੱਤਰ ਲਵਪ੍ਰੀਤ ਖਾਂ ਨੂੰ ਕੁਝ ਨੌਜਵਾਨ ਘਰੋਂ ਚੜਾ ਕੇ ਲੈ ਗਏ ਸਨ ਤੇ ਬਾਅਦ ਵਿੱਚ ਉਸਦੀ ਲਾਸ਼ ਇੱਕ ਰਜਬਾਹੇ ਕੋਲੋਂ ਮਿਲੀ ਜਿਸ ਦੀ ਬਾਂਹ ਵਿੱਚ ਲੱਗੀ ਇੱਕ ਸਰਿੰਜ ਬਰਾਮਦ ਹੋਈ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਕਤ ਨੌਜਵਾਨ ਨੂੰ ਚਿੱਟਾ ਦਿੱਤਾ ਜਾ ਰਿਹਾ ਸੀ ਜਿਸ ਨਾਲ ਉਸਦੀ ਮੌਤ ਹੋ ਗਈ।ਉਨਾਂ ਅਨੁਸਾਰ ਪਰਿਵਾਰ ਨੇ ਤਤਕਾਲੀ ਥਾਣਾ ਮੁਖੀ ਜਗਦੀਸ਼ ਕੁਮਾਰ ਕੋਲ ਉਨਾਂ ਨੌਜਵਾਨਾਂ ਦੇ ਨਾਮ ਲਿਖਾਏ ਸਨ ਜੋ ਉਕਤ ਨੌਜਵਾਨ ਨੂੰ ਉਸ ਦਿਨ ਘਰੋਂ ਗੱਡੀ ਤੇ ਚੜਾ ਕੇ ਲੇ ਗਏ ਪਰ ਤਤਕਾਲੀ ਥਾਣਾ ਮੁਖੀ ਵੱਲੋਂ ਐੱਫਆਈਆਰ ਵਿੱਚ ਉਹ ਨਾਂ ਦਰਜ ਨਹੀ ਕੀਤੇ ਗਏ। ਉਨਾਂ ਕਿਹਾ ਕਿ ਬਾਅਦ ਵਿੱਚ ਪੀੜਿਤ ਨੌਜਵਾਨ ਦਾ ਪਰਿਵਾਰ ਐੱਸਐੱਸਪੀ ਬਠਿੰਡਾ ਸ. ਨਾਨਕ ਸਿੰਘ ਨੂੰ ਮਿਲਿਆ ਤੇ ਜਾਂਚ ਸ਼ੁਰੂ ਕਰਵਾਈ ਪ੍ਰੰਤੂ ਹਲਕੇ ਦੇ ਸੱਤਾਧਾਰੀ ਸੇਵਾਦਾਰ ਦੇ ਕਥਿਤ ਦਬਾਅ ਹੇਠ ਜਾਂਚ ਰੋਕ ਦਿੱਤੀ ਗਈ। ਮਜਦੂਰ ਅਨੁਸਾਰ ਜਦੋਂ ਕਿਸੇ ਪਾਸਿਓਂ ਇਨਸਾਫ ਮਿਲਦਾ ਨਾਂ ਦੇਖ ਕੇ ਪੀੜਿਤ ਪਰਿਵਾਰ ਉਨਾਂ ਕੋਲ ਪੁੱਜਾ ਤਾਂ ਬੀਤੇ ਦਿਨ ਅਸੀਂ ਥਾਣਾ ਤਲਵੰਡੀ ਸਾਬੋ ਮੁਖੀ ਜਸਵਿੰਦਰ ਸਿੰਘ ਕੋਲ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਦੀ ਆਸ਼ਾ ਨਾਲ ਪੁੱਜੇ ਸੀ। ਥਾਣਾ ਮੁਖੀ ਨੇ ਦੂਜੀ ਧਿਰ (ਜਿਨਾਂ ਦੇ ਮੁੰਡਿਆਂ ਤੇ ਉਕਤ ਨੌਜਵਾਨ ਨੂੰ ਲੈ ਜਾਣ ਦੇ ਦੋਸ਼ ਹਨ) ਨੂੰ ਵੀ ਬੁਲਾਇਆ ਪਰ ਹੱਦ ਉਦੋਂ ਹੋ ਗਈ ਜਦੋਂ ਥਾਣਾ ਮੁਖੀ ਦੇ ਸਾਹਮਣੇ ਨਾ ਕੇਵਲ ਦੂਜੀ ਧਿਰ ਦੇ ਬੰਦਿਆਂ ਨੇ ਸਾਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਸਗੋਂ ਥਾਣਾ ਮੁਖੀ ਨੇ ਵੀ ਉਨਾਂ ਦਾ ਪੱਖ ਲੈਂਦਿਆਂ ਸਾਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਕੋਲ ਪਾਵਰ ਹੈ ਉਹੇ ਚਾਹੇ ਤਾਂ ਇਹ ਮਾਮਲਾ ਇੱਥੇ ਹੀ ਠੱਪ ਕਰਵਾ ਸਕਦਾ ਹੈ। ਮਜਦੂਰ ਆਗੂ ਮੱਖਣ ਸਿੰਘ ਨੇ ਕਥਿਤ ਦੋਸ਼ ਲਾਏ ਕਿ ਉਕਤ ਥਾਣੇਦਾਰ ਕੁਝ ਸਮਾਂ ਪਹਿਲਾਂ ਵੀ ਤਲਵੰਡੀ ਸਾਬੋ ਥਾਣੇ ਵਿੱਚ ਤੈਨਾਤ ਸੀ ਪ੍ਰੰਤੂ ਕਿਸੇ ਕਮਿਸ਼ਨ ਨੇ ਸ਼ਿਕਾਇਤ ਮਿਲਣ ਤੇ ਇਸਨੂੰ ਸਸਪੈਂਡ ਕਰ ਦਿੱਤਾ ਸੀ ਪਰ ਕਿਉਂਕਿ ਉਕਤ ਥਾਣੇਦਾਰ ਦਾ ਇੱਕ ਰਿਸ਼ਤੇਦਾਰ ਮੋਤੀ ਮਹਿਲ ਦਾ ਕਰੀਬੀ ਹੈ ਇਸਲਈ ਨਾ ਕੇਵਲ ਇਸਨੂੰ ਦੁਬਾਰਾ ਬਹਾਲ ਕਰਵਾਇਆ ਗਿਆ ਸਗੋਂ ਉਕਤ ਥਾਣੇ ਵਿੱਚ ਹੀ ਲਗਵਾ ਦਿੱਤਾ। ਉਨਾਂ ਦੋਸ਼ ਲਾਏ ਕਿ ਥਾਣੇਦਾਰ ਸਿਆਸੀ ਦਬਾਅ ਹੇਠ ਪੀੜਿਤ ਧਿਰ ਨੂੰ ਡਰਾ ਕੇ ਰਾਜੀਨਾਮੇ ਦੀ ਕੋਸ਼ਿਸ ਵਿੱਚ ਹੈ। ਮਾਮਲੇ ਸਬੰਧੀ ਸੰਪਰਕ ਕਰਨ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਆਪਣੇ ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ ਜਦੋਂ ਆਹਮੋ ਸਾਹਮਣੇ ਹੋਣ ਤੇ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਿਆ ਤਾਂ ਤਕਰਾਰ ਟਾਲਣ ਲਈ ਇੱਕ ਧਿਰ ਨੂੰ ਬਾਹਰ ਬੈਠਣ ਲਈ ਕਹਿ ਦਿੱਤਾ ਗਿਆ ਸੀ ਇਸਤੋਂ ਵੱਧ ਕੁਝ ਵੀ ਨਹੀ ਹੋਇਆ। ਉਨਾਂ ਕਿਹਾ ਕਿ ਉਹ ਕਿਸੇ ਦਬਾਅ ਹੇਠ ਨਹੀ ਤੇ ਕਿਸੇ ਦੀ ਵੀ ਮਦੱਦ ਨਹੀ ਕੀਤੀ ਜਾ ਰਹੀ ਸਗੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।