ਧੂਰੀ,27 ਜੂਨ (ਮਹੇਸ਼ ਜਿੰਦਲ) ਗੰਨਾ ਕਿਸਾਨਾਂ ਵਲੋਂ ਸ਼ੂਗਰ ਮਿੱਲ ਧੂਰੀ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਅਹਿਮ ਮੀਟਿੰਗ ਗੁਰਦੁਆਰਾ ਨਾਨਕਸਰ ਧੂਰੀ 'ਚ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਗੰਨਾ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ, ਅਵਤਾਰ ਸਿੰਘ ਤਾਰੀ, ਮਨਦੀਪ ਸਿੰਘ ਰੁਲਦੂਵਾਲਾ, ਹਰਵਿੰਦਰ ਸਿੰਘ ਕਹੇਰੂ, ਕਿਸਾਨ ਆਗੂ ਨਿਰਜੰਣ ਸਿੰਘ ਦੇਹਲਾ ਸਮੇਤ ਅਨੇਕਾਂ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਅਨੇਕਾਂ ਦਾਅਵੇ ਅਤੇ ਨੀਤੀਆਂ ਬਣਾਉਣ ਦਾ ਪ੍ਰਚਾਰ ਕਰਦੀ ਹੈ ਪਰ ਕਿਸਾਨਾਂ ਨੂੰ ਖ਼ੂਨ ਪਸੀਨੇ ਤੇ ਮਿਹਨਤ ਨਾਲ ਤਿਆਰ ਫ਼ਸਲ ਦੀ ਕੀਮਤ ਲਈ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ | ਉਨ੍ਹਾਂ ਦੱਸਿਆ ਕਿ ਗੰਨਾ ਮਿੱਲ ਮੈਨੇਜਮੈਂਟ ਕਿਸਾਨਾਂ ਨਾਲ ਅਦਾਇਗੀ ਸਬੰਧੀ ਵਾਅਦਿਆਂ, ਸਮਝੌਤਿਆਂ ਤੋਂ ਕਈ ਵਾਰ ਮੁੱਕਰ ਹੋ ਚੁੱਕੀ ਹੈ | ਕਿਸਾਨਾਂ ਵਲੋਂ ਅਦਾਇਗੀ ਲਈ ਅਗਲਾ ਸੰਘਰਸ਼ ਵਿੱਢਣ ਲਈ 5 ਜੁਲਾਈ ਨੂੰ ਧੂਰੀ 'ਚ ਅਹਿਮ ਮੀਟਿੰਗ ਸੱਦੀ ਗਈ ਹੈ | ਕਿਸਾਨਾਂ ਦੇ ਫ਼ੈਸਲੇ ਤਹਿਤ ਹੀ ਅਗਲੀ ਸੰਘਰਸ਼ੀ ਰੂਪ ਰੇਖਾ ਉਲੀਕੀ ਜਾਵੇਗੀ |