ਰਾਜਪੁਰਾ, 11 ਅਗਸਤ( ਰਾਜੇਸ਼ ਡਾਹਰਾ)ਰਾਜਪੁਰਾ ਵਿਖੇ ਆਵਾਜਾਈ ਦੀ ਸਮੱਸਿਆ ਦੇ ਨਿਪਟਾਰੇ ਲਈ ਵੱਖ-ਵੱਖ ਸੜ੍ਹਕਾਂ ਦੇ ਕਿਨਾਰੇ ਅਤੇ ਬਜ਼ਾਰਾਂ 'ਚ ਫ਼ਲਾਂ, ਸਬਜੀਆਂ ਆਦਿ ਦੀਆਂ ਰੇਹੜੀਆਂ ਲਗਾਉਣ ਵਾਲੇ ਵਿਅਕਤੀਆਂ ਨੂੰ ਸਟਰੀਟ ਵੈਂਡਰਜ ਐਕਟ 2014 ਤਹਿਤ ਨਗਰ ਕੌਂਸਲ ਵੱਲੋਂ ਜਗ੍ਹਾਂ ਦੇਣ ਲਈ ਦੋ ਥਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਇੱਕ ਥਾਂ ਪਟਿਆਲਾ ਰੋਡ 'ਤੇ ਰੇਤਾ ਬਜਰੀ ਮਾਰਕੀਟ ਟਿਊਬਵੈਲ ਨੰਬਰ 16 ਦੇ ਨਾਲ ਅਤੇ ਦੂਜੀ, ਪੁਰਾਣੀ ਅਨਾਜ਼ ਮੰਡੀ ਦੇ ਪਿਛੇ ਨੇੜੇ ਪਟਿਆਲਾ ਬੱਸ ਸਟੈਂਡ ਵਿਖੇ ਹੈ।ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਨੇ ਦੱਸਿਆ ਕਿ ਇਨ੍ਹਾਂ ਸਾਈਟਾਂ ਸੰਬੰਧੀ ਡੀ.ਪੀ.ਆਰ. ਤਿਆਰ ਕਰਕੇ ਸਥਾਨਕ ਸਰਕਾਰਾਂ ਵਿਭਾਗ ਨੂੰ ਗਰਾਂਟ ਮੁਹੱਈਆ ਕਰਵਾਉਣ ਲਈ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤਜਵੀਜ ਲਈ ਜਲਦ ਹੀ ਗਰਾਂਟ ਪ੍ਰਾਪਤ ਹੋਣ ਦੀ ਉਮੀਦ ਹੈ, ਜਿਸ ਕਰਕੇ ਇਨਾਂ ਸਾਈਟਾਂ ਨੂੰ ਵਿਕਸਤ ਕਰਕੇ ਰੇਹੜੀ-ਫੜ੍ਹੀ ਵਾਲਿਆਂ ਨੂੰ ਥਾਂਵਾਂ ਅਲਾਟ ਕਰ ਦਿੱਤੀਆਂ ਜਾਣਗੀਆਂ, ਇਸ ਨਾਲ ਸ਼ਹਿਰ ਵਿਚੋਂ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋਵੇਗਾ।