ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਵੱਲੋਂ 'ਵਰਲਡ ਟੂਰਿਜ਼ਮ ਹਫਤੇ ' ਦੌਰਾਨ ਵੱਖ ਵੱਖ ਕਾਲਜਾਂ ਦੇ ਸ਼ੈੱਫ ਮੁਕਾਬਲੇ ਆਯੋਜਤ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਸਵਾਦਿਸ਼ਟ ਪਕਵਾਨ ਬਣਾਉਣ ਦੀ ਆਪਣੀ ਕਲਾ ਦੀ ਬਾਖੂਬੀ ਪੇਸ਼ਕਾਰੀ ਦਿੱਤੀ। ਸਮਾਗਮ ਦੌਰਾਨ ਡੀਨ ਅਕਾਦਮਿਕ ਡਾ. ਜੀ. ਐਸ ਬਰਾੜ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਖੇਡ ਵਿਭਾਗ ਦੇ ਡੀਨ ਡਾ. ਰਵਿੰਦਰ ਸੁਮਲ, ਪਬਲਿਕ ਰਿਲੇਸ਼ਨ ਅਫਸਰ ਪ੍ਰੋ. ਹਰਪ੍ਰੀਤ ਸ਼ਰਮਾ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਡੀਨ ਗੌਰਵ ਖੁਰਾਣਾ ਤੇ ਵਿਭਾਗ ਦੇ ਮੁਖੀ ਮਨਮੋਹਨਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਜੀ ਆਇਆ ਕਿਹਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਤੇ ਮਿਹਨਤੀ ਸਟਾਫ ਨੂੰ ਸਫਲਤਾਪੂਰਵਕ ਸ਼ੈੱਫ ਮੁਕਾਬਲੇ ਕਰਵਾਉਣ ਅਤੇ ਵਰਲਡ ਟੂਰਿਜ਼ਮ ਹਫਤੇ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਚੰਗਾ ਤੇ ਸਵਾਦਿਸ਼ਟ ਖਾਣਾ ਬਣਾਉਣਾ ਇੱਕ ਕਲਾ ਹੈ। ਸ਼ੈੱਫ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰਾਂ ਦੀਆਂ ਕਈ ਦਰਜਨਾਂ ਡਿਸ਼ ਤਿਆਰ ਕੀਤੀਆਂ ਗਈਆਂ ਜਿੰਨ੍ਹਾ 'ਚੋਂ ਮੁੱਖ ਤੌਰ ਤੇ ਬਿਰਆਨੀ, ਸੂਪ, ਪਾਸਤਾ, ਪਰਾਂਠੇ, ਕੇਕ, ਬਰਫੀ, ਪੈਨਾਕੋਟਾ, ਪੀਜਾ, ਸਬਜੀਆਂ, ਚਾਵਲ, ਚੀਸ ਚਿੱਲੀ, ਕਰੰਚੀ ਲਾਲੀਪਾਪ ਆਇਟਮਾਂ ਨੇ ਮੁੱਖ ਮਹਿਮਾਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਡੀਨ ਅਕਾਦਮਿਕ ਡਾ. ਜੀ. ਐਸ ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ਦੇ ਆਓ ਭਗਤ ਕਰਨ ਦੇ ਸਲੀਕੇ ਕਿਸੇ ਫਾਈਵ ਸਟਾਰ ਹੋਟਲ ਦੇ ਸਟਾਫ ਤੋਂ ਘੱਟ ਨਹੀ ਸਨ। ਉਨਾਂ ਵਿਦਿਆਰਥੀਆਂ ਤੇ ਸਟਾਫ ਦੀ ਮਿਹਨਤ ਦੀ ਪ੍ਰਸ਼ੰਸਾ ਵੀ ਕੀਤੀ। ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਖਾਣਾ ਵਰਤਾਉਣ ਦੇ ਚੰਗੇ ਸਲੀਕੇ ਅਤੇ ਮਹਿਮਾਨ ਨਵਾਜੀ ਕਰਨ ਲਈ ਹੋਟਲ ਮੈਨੇਜਮੈਂਟ ਕਾਲਜ ਦਾ ਮਿਹਨਤੀ ਸਟਾਫ ਵਧਾਈ ਦਾ ਪਾਤਰ ਹੈ। ਇਸ ਦੌਰਾਨ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਲਾਈਵ ਪ੍ਰੋਗਰਾਮਾਂ ਨਾਲ ਵਿਦਿਆਰਥੀ ਵਧੀਆ ਕੁਕਿੰਗ ਪਲੇਟਿੰਗ ਤੇ ਸਰਵਿਸ ਕਰਨ ਵਿੱਚ ਮੁਹਾਰਤ ਹਾਸਲ ਕਰਦੇ ਹਨ। ਸ਼ੈੱਫ ਕੰਪੀਟੀਸ਼ਨ ਵਿੱਚ ਰੀਆ ਅਰੋੜਾ ਤੇ ਸਾਹਿਲਜੋਤ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਪ੍ਰਫੈਕਟ ਸ਼ੈੱਫ ਦਾ ਖਿਤਾਬ ਜਿੱਤਿਆ। ਅਮਰਜੋਤ ਕੌਰ ਤੇ ਸਲੀਹਾ ਮੀਰ ਨੇ ਦੂਜੀ ਤੇ ਰਿੰਕੂ ਤੇ ਸੁਖਪ੍ਰੀਤ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਜੇਤੂਆਂ ਨੂੰ ਮੁੱਖ ਮਹਿਮਾਨਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਹੋਟਲ ਮੈਨੇਜਮੈਂਟ ਕਾਲਜ ਡੀਨ ਗੋਰਵ ਖੁਰਾਣਾ ਨੇ ਆਸ ਪ੍ਰਗਟ ਕੀਤੀ ਕਿ ਇੱਥੋਂ ਦੇ ਵਿਦਿਆਰਥੀ ਦੇਸ਼ ਦੇ ਵੱਖ ਵੱਖ ਹਿੱਸਿਆ 'ਚ ਜਾ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਹੋਟਲ ਇੰਡਸਟਰੀਜ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਪਹਿਲੀ ਪਸੰਦ ਬਣਨਗੇ।