ਪਟਿਆਲਾ, 23 ਫਰਵਰੀ(ਪੀ ਐੱਸ ਗਰੇਵਾਲ) ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਨੇ ਅੱਜ ਸਥਾਨਕ ਮਾਲ ਰੋਡ 'ਤੇ ਸਥਿਤ ਮਹਿੰਦਰਾ ਕੋਠੀ, ਜਿਸਦੀ ਕਿ ਪੁਰਾਤਨ ਦਿੱਖ ਬਹਾਲ ਕਰਕੇ ਇਥੇ, ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਤੇ ਬੇਸ਼ਕੀਮਤੀ ਸਿੱਕਿਆਂ ਦਾ ਮਿਊਜੀਅਮ ਸਥਾਪਤ ਕੀਤਾ ਜਾ ਰਿਹਾ ਹੈ, ਦੀ ਮੁਰੰਮਤ ਤੇ ਨਵੀਨੀਕਰਨ ਦੇ ਕੰਮ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਸਾਬਕਾ ਆਈ.ਏ.ਐਸ. ਅਧਿਕਾਰੀ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।ਇਸ ਮੌਕੇ ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਤੇ ਵਿਸ਼ੇਸ਼ ਪਹਿਲਕਦਮੀ ਵਾਲੇ ਇਸ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਇਸ ਉਪਰ ਕਰੀਬ 70 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ 'ਤੇ ਇਸ ਪ੍ਰਾਜੈਕਟ ਨੂੰ ਬਹੁਤ ਜਲਦ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਕਿ ਨਾਯਾਬ ਵਿਰਾਸਤ ਤੇ ਬੇਸ਼ਕੀਮਤੀ ਮੈਡਲਜ਼, ਪੁਰਾਤਨ ਸਿੱਕੇ ਅਤੇ ਹੋਰ ਸਜਾਵਟੀ ਵਸਤਾਂ ਨੂੰ ਇੱਥੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਦੇ ਰੂਬਰੂ ਕਰਵਾਉਣ ਲਈ ਪ੍ਰਦਰਸ਼ਤ ਕੀਤਾ ਜਾ ਸਕੇ।ਸ੍ਰੀ ਸੰਜੇ ਕੁਮਾਰ ਨੇ 84 ਕਮਰਿਆਂ ਵਾਲੀ ਪੁਰਾਤਨ ਮਹਿੰਦਰਾ ਕੋਠੀ ਦੀ ਵਿਰਾਸਤੀ ਦਿੱਖ ਬਹਾਲ ਕੀਤੇ ਜਾਣ ਦੇ ਕੰਮ 'ਤੇ ਤਸੱਲੀ ਦਾ ਇਜ਼ਹਾਰ ਕੀਤਾ ਅਤੇ ਨਾਲ ਹੀ ਇਸ ਕੰਮ ਨੂੰ ਨੇਪਰੇ ਚਾੜ੍ਹ ਰਹੀ ਏਜੰਸੀ ਅਤੇ ਵਿਭਾਗੀ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਇਸ ਮੈਡਲ ਗੈਲਰੀ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ।ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਦੇ ਰੂਬਰੂ ਕਰਵਾਉਣ ਦੇ ਮਕਸਦ ਨਾਲ ਮਹਿੰਦਰਾ ਕੋਠੀ ਨੂੰ ਏਸ਼ੀਅਨ ਵਿਕਾਸ ਬੈਂਕ ਦੇ ਸਹਿਯੋਗ ਨਾਲ ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਕੀਤੇ ਇੱਕ ਵਿਸ਼ੇਸ਼ ਪ੍ਰਾਜੈਕਟ ਅਧੀਨ ਕਰੀਬ 70 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਇਸ ਬੇਸ਼ਕੀਮਤੀ ਖ਼ਜ਼ਾਨੇ ਦੀ ਪ੍ਰਦਰਸ਼ਨੀ ਵਾਸਤੇ ਤਿਆਰ ਕਰਵਾਇਆ ਜਾ ਰਿਹਾ ਹੈ।ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਇਸ ਵਿਸ਼ੇਸ਼ ਪ੍ਰਾਜੈਕਟ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ ਅਤੇ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਇਕੱਤਰ ਕੀਤੇ ਗਏ 3200 ਤੋਂ ਵੀ ਵਧੇਰੇ ਮੈਡਲਜ਼, ਆਰਡਰਜ਼ ਤੇ 3000 ਦੇ ਕਰੀਬ ਪੁਰਾਤਨ ਸਿੱਕਿਆਂ ਸਮੇਤ ਹੋਰ ਪੁਰਾਤਨ ਵਸਤਾਂ ਨੂੰ ਇੱਥੇ ਪ੍ਰਦਰਸ਼ਤ ਕੀਤਾ ਜਾਵੇਗਾ। ਇੱਥੇ ਮੈਡਲਾਂ ਤੇ ਸਿੱਕਿਆਂ ਦੀ ਵਿਧੀਵਤ ਪ੍ਰਦਰਸ਼ਨੀ ਤੇ ਇਸ ਦੀ ਸਜਾਵਟ ਆਦਿ ਦੇ ਅਗਲੇ ਕੰਮਾਂ ਲਈ ਮੁੰਬਈ ਦੀ ਪ੍ਰਸਿੱਧ ਮਿਊਜੀਅਮ ਡਿਜਾਇਨਰ ਸੁਰੰਜਨਾ ਸਤਵਾਲੇਕਰ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਹਨ।