ਬਿਜਲੀ ਮੁਲਾਜਮਾਂ ਵੱਲੋਂ ਪੰਜਾਬ ਦੇ ਸਮੁੱਚੇ ਉਪ ਮੰਡਲ ਅਤੇ ਮੰਡਲ ਦਫਤਰਾਂ ਅੱਗੇ ਰੋਹ ਭਰਪੂਰ ਰੈਲੀਆਂ

ਪਟਿਆਲਾ, 15 ਮਾਰਚ(ਪੀ ਐੱਸ ਗਰੇਵਾਲ)-ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਵਿੱਚ ਸ਼ਾਮਲ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਪਾਵਰਕਾਮ ਅਤੇ ਟਰਾਂਸਕੋ ਦੇ ਪੰਜਾਬ ਪੱਧਰ ਤੇ ਸਮੁੱਚੇ ਉਪ ਮੰਡਲ / ਮੰਡਲ ਦਫਤਰਾਂ ਅੱਗੇ ਕਾਲੇ ਬਿੱਲੇ ਲਗਾ ਕੇ ਰੋਹ ਭਰਪੂਰ ਰੋਸ ਰੈਲੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ), ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਵਰਕਰਜ਼ ਫੈਡਰੇਸ਼ਨ ਇੰਟਕ, ਪਾਵਰਕਾਮ ਅਤੇ ਟਰਾਂਸਕੋ, ਇੰਪਲਾਈਜ਼ ਫੈਡਰੇਸ਼ਨ (ਫਲਜੀਤ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਪੰਜਾਬ ਰਾਜ ਬਿਜਲੀ ਮਜਦੂਰ ਸੰਘ ਅਤੇ ਹੈਡ ਆਫਿਸ ਇੰਪਲਾਈਜ਼ ਫੈਡਰੈਸ਼ਨ ਦੇ ਬਿਜਲੀ ਕਾਮੇ ਸ਼ਾਮਲ ਹੋਏ। ਇੰਨਾਂ ਜਥੇਬੰਦੀਆਂ ਦੇ ਸੁਬਾਈ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰਾ, ਰਵੇਲ ਸਿੰਘ ਸਹਾਏਪੁਰ, ਕਰਮਚੰਦ ਖੰਨਾ, ਕੌਰ ਸਿੰਘ ਸੋਹੀ, ਬਲਵਿੰਦਰ ਸਿੰਘ ਸੰਧੂ, ਰਾਮ ਲੁਭਾਇਆ, ਕਮਲਜੀਤ ਸਿੰਘ, ਹਰਜੀਤ ਸਿੰਘ, ਹਰਜਿੰਦਰ ਸਿੰਘ ਦੁਬਾਲਾ, ਸਿਕੰਦਰ ਨਾਥ, ਪ੍ਰੀਤਮ ਸਿੰਘ ਪਿੰਡੀ, ਅਸ਼ੋਕ ਕੁਮਾਰ, ਅਵਤਾਰ ਸਿੰਘ ਕੈਂਥ, ਸੁਖਵਿੰਦਰ ਸਿੰਘ ਦੁੰਮਨਾ, ਬ੍ਰਿਜ ਲਾਲ, ਗੁਰਦਿੱਤ ਸਿੰਘ ਸਿੱਧੂ, ਨਛੱਤਰ ਸਿੰਘ ਅਤੇ ਜਗਜੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀਆਂ ਮੁਲਾਜਮ ਅਤੇ ਲੋਕ ਵਿਰੋਧੀ ਨੀਤੀਆਂ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿਜੀਕਰਨ ਦੀ ਨੀਤੀ ਤਹਿ ਪਬਲਿਕ ਸੈਕਟਰ ਦੇ ਅਦਾਰਿਆਂ ਬੈਂਕ, ਬੀਮਾ, ਰੇਲਵੇ, ਬੀ.ਐਸ.ਐਨ.ਐਲ., ਏਅਰਪੋਰਟ, ਬਿਜਲੀ, ਸਿਹਤ, ਰੋਡਵੇਜ਼, ਸਿੱਖਿਆ ਆਦਿ ਦਾ ਵੱਡੇ ਪੱਧਰ ਤੇ ਨਿਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਕੋਡੀਆਂ ਦੇ ਭਾਅ ਵੇਚ ਰਹੀ ਹੈ। ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਅਡਾਨੀ ਅੰਬਾਨੀਆਂ ਆਦਿ ਦੇਸੀ ਵਿਦੇਸ਼ੀ ਕਾਰਪੋਰੇਟਾਂ ਤੇ ਸਰਮਾਏਦਾਰ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਜਿਥੇ ਪੁੰਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਮਜਦੂਰ ਪੱਖੀ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ 4 ਲੇਬਰ ਕੋਡ ਬਣਾ ਕੇ ਉਨ੍ਹਾਂ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਟਰੇਡ ਯੂਨੀਅਨ ਹੱਕ ਖੋਹੇ ਜਾ ਰਹੇ ਹਨ। ਕਿਰਤੀਆਂ ਦੇ ਕੰਮ ਦੇ ਘੰਟੇ 8 ਦੀ ਥਾਂ 12 ਘੰਟੇ ਕੀਤੇ ਜਾ ਰਹੇ ਹਨ। ਪਾਵਰਕਾਮ ਤੇ ਟਰਾਂਸਕੋ ਦੀ ਮੈਨੇਜਮੈਂਟ ਮੁਲਾਜਮਾਂ ਦੀਆਂ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਪੁਨਰ ਉਸਾਰੀ ਦੇ ਨਾਮ ਤੇ ਹਜਾਰਾਂ ਮਨਜੂਰ ਸ਼ੁਦਾ ਅਸਾਮੀਆਂ ਖਤਮ ਕਰ ਰਹੀਆਂ ਹਨ। ਕੱਚੇ ਮੁਲਾਜਮ ਪੱਕੇ ਕਰਨ ਦੀ ਥਾਂ ਉਨ੍ਹਾਂ ਦਾ ਪਰਖ ਕਾਲ ਸਮਾ ਘਟਾਉਣ ਦੀ ਥਾਂ ਵਧਾ ਰਹੀ ਹੈ। ਕਾਰਪੋਰੇਟਾਂ ਦੀ ਮਦਦ ਲਈ ਮੁਲਾਜਮਾਂ ਨੂੰ ਵੋਡਾਫੋਨ ਸਿੰਮਾਂ ਦੀ ਥਾਂ ਜੀਓ ਦੇ ਸਿੰਮ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਦਾ ਮੁਲਾਜਮਾਂ ਵੱਲੋਂ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਪੇ ਕਮਿਸ਼ਨ ਦੀ ਰਿਪੋਰਟ ਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇਣ ਤੋਂ ਆਨੀ ਕਾਨੀ ਕਰਕੇ ਠੰਡੇ ਬਸਤੇ ਵਿੱਚ ਪਾਇਆ ਜਾ ਰਿਹਾ ਹੈ। ਬਿਜਲੀ ਕਾਮਿਆਂ ਨੇ ਦਫਤਰਾਂ ਅੱਗੇ ਰੈਲੀਆਂ ਕਰਨ ਉਪਰੰਤ ਕੇਂਦਰੀ ਟਰੇਡ ਯੂਨੀਅਨਾਂ ਅਤੇ ਬੈਂਕ ਮੁਲਾਜਮਾਂ ਵੱਲੋਂ ਕੀਤੇ ਪ੍ਰਦਰਸ਼ਨਾ ਵਿੱਚ ਹਿੱਸਾ ਲੈ ਕੇ ਮਹਿੰਗਾਈ ਨਿਜੀਕਰਨ, ਬੇਰੁਜਗਾਰੀ ਵਿਰੁੱਧ ਜ਼ੋਰਦਾਰ ਆਵਾਜ ਬੁਲੰਦ ਕੀਤੀ ਅਤੇ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰਦਿਆਂ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਪ੍ਰਾਈਵੇਟ ਅਦਾਰਿਆਂ ਨਾਲ ਕੀਤੇ ਪਾਵਰ ਪ੍ਰਚੇਜ਼ ਐਗਰੀਮੈਂਟ ਰੀਵਿਊ ਕਰਨ ਲਈ ਮਜਬੂਰ ਕਰਕੇ ਨਿਜੀ ਕੰਪਨੀਆਂ ਦੀ ਅਦਾਇਗੀ ਕਰਨ ਲਈ ਮਜਬੂਰ ਕਰਕੇ ਨਿਜੀ ਕੰਪਨੀਆਂ ਦੇ ਹਵਾਲੇ ਕਰਨ ਲਈ ਤੱਤਪਰ ਹੈ। ਜਿਸ ਦਾ ਡੱਟਕੇ ਵਿਰੋਧ ਤੇ ਸੰਘਰਸ਼ ਕੀਤਾ ਜਾਵੇਗਾ।