ਦਿੱਲੀ ਕਿਸਾਨੀ ਸੰਘਰਸ਼ ਤੋਂ ਵਾਪਸ ਪਰਤਿਆ ਮੁਸਲਿਮ ਕਿਸਾਨ ਹੋਇਆ ਸ਼ਹੀਦ

ਪਟਿਆਲਾ, 26 ਮਾਰਚ(ਪੀ.ਐਸ.ਗਰੇਵਾਲ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਹੈ ਦੇ ਵਿਰੋਧ ਵਿੱਚ ਜਿਥੇ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਰਚਾ ਲਗਾਇਆ ਜਾ ਰਿਹਾ ਹੈ ਤੇ ਉਥੇ ਇਸ ਮੋਰਚੇ ’ਚ ਭਾਰਤ ਦੇ ਹਰ ਕੋਨੇ ਤੋਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਲੋਕ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾ ਰਹੇ ਹਨ। ਇਸੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਗਏ ਪਟਿਆਲਾ ਦੇ ਪਿੰਡ ਨੰਦਪੁਰ ਕੇਸ਼ੋ ਦੇ ਮੁਸਲਿਮ ਕਿਸਾਨ ਰਫੀਕ ਮੁਹੰਮਦ ਜਿਨਾਂ ਦੀ ਸੰਘਰਸ਼ ਤੋਂ ਵਾਪਸ ਪਟਿਆਲਾ ਦੇ ਪਿੰਡ ਨੰਦਪੁਰ ਕੇਸ਼ੋ ਪਰਤਿਆਂ ਹਸਪਤਾਲ ਵਿੱਚ ਜੇਰੇ ਇਲਾਜ਼ ਮੌਤ ਹੋ ਗਈ। ਦੱਸਣਯੋਗ ਹੈ ਕਿ ਰਫੀਕ ਮੁਹੰਮਦ ਵੱਲੋਂ ਪਿਛਲੇ ਦਿਨੀ ਪਿੰਡ ਨੰਦਪੁਰ ਦੀ ਸਮੂਹ ਸੰਗਤ ਨਾਲ ਇਸ ਕਿਸਾਨੀ ਸੰਘਰਸ਼ ਵਿੰਚ ਹਿੱਸਾ ਲਿਆ ਗਿਆ ਸੀ। ਅੱਜ ਕਿਸਾਨ ਜਥੇਬੰਦੀ ਉਗਰਾਹਾਂ ਪਟਿਆਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਰਨ ਅਤੇ ਹੋਰਨਾਂ ਆਗੂਆਂ ਵੱਲੋਂ ਰਫੀਕ ਮੁਹੰਮਦ ਦੀ ਅੰਤਿਮ ਦੇਹ ਨੂੰ ਉਨਾਂ ਦੇ ਪਿੰਡ ਨੰਦਪੁਰ ਕੇਸ਼ੋ ਵਿਖੇ ਕਿਸਾਨੀ ਝੰਡੇ ਵਿੱਚ ਲਿਪਤ ਕਰਕੇ ਦਫਨ ਕੀਤਾ ਗਿਆ। ਇਸ ਮੌਕੇ ਰਫੀਕ ਮੁਹੰਮਦ ਦੀ ਅੰਤਿਮ ਦੇਹ ਨੂੰ ਦਫਨ ਕਰਨ ਸਮੇਂ ਉਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਕਿਸਾਨ ਜਥੇਬੰਦੀ ਪਿੰਡ ਨੰਦਪੁਰ ਕੇਸ਼ੋ ਦੇ ਪ੍ਰਧਾਨ ਗੁਰਵੀਰ ਸਿੰਘ, ਚਰਨਜੀਤ ਸਿੰਘ, ਇੰਦਰਜੀਤ ਸਿੰਘ ਬੱਬਲ, ਰਤਨਪਾਲ ਸਿੰਘ ਡੱਗੂ, ਛੋਟਾ ਸਿੰਘ ਸਮੇਤ ਪਿੰਡ ਦੇ ਹੋਰ ਬਜ਼ੁਰਗ, ਨੌਜਵਾਨ ਅਤੇ ਔਰਤਾਂ ਸ਼ਾਮਲ ਹੋਈਆਂ।