ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫਾਇਰਿੰਗ ਕਰਨ ਅਤੇ ਭੰਨ ਤੋੜ ਕਰਨ ਵਾਲੇ ਕਥਿਤ 5 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਤੋ ਦੋ 315 ਬੋਰ ਦੇ ਪਿਸਤੋਲ ਅਤੇ ਸੱਤ ਕਾਰਤੂਸ਼ ਵੀ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁੱਝ ਬਾਹਰੀ ਸ਼ਰਾਰਤੀ ਅਨਸਰਾਂ ਨੇ ਕਾਲਜ ਵਿੱਚ ਭੰਨ-ਤੋੜ ਕਰਕੇ ਫਾਈਰਿੰਗ ਕੀਤੀ ਸੀ ਜਿਸ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਸੀ। ਬੀਤੇ ਦਿਨ ਥਾਣਾ ਤਲਵੰਡੀ ਸਾਬੋ ਦੇ ਮੁਖੀ ਜਸਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਮਾਮਲੇ ਵਿੱਚ ਲੋੜੀਂਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿੱਚੋਂ ਕਈਆਂ ਤੇ ਪਹਿਲਾਂ ਵੀ ਸੰਗੀਨ ਜ਼ੁਰਮ ਤਹਿਤ ਮਾਮਲੇ ਦਰਜ ਕੀਤੇ ਹੋਏ ਹਨ। ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ ਵਿੱਚ ਲਖਵਿੰਦਰ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਸੰਦੀਪ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਮਲਕਾਣਾ ਹਾਲ ਅਬਾਦ ਨਵਾਂ ਪਿੰਡ ਢਾਣੀ ਸ਼ਾਮਿਲ ਹਨ। ਇਹਨਾਂ ਵਿੱਚੋਂ ਗੁਰਜੀਤ ਸਿੰਘ ਅਤੇ ਲਖਵਿੰਦਰ ਸਿੰਘ ਤੋਂ ਦੋ 315 ਬੋਰ ਦੇ ਪਿਸਤੌਲ ਅਤੇ ਸੱਤ ਕਾਰਤੂਸ਼ ਵੀ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।