* ਚਮਕੌਰ ਸਾਹਿਬ ਵਿਖੇ ਸੂੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਵੱਲੋਂ ਮਿਲਿਆ ਵਿਸ਼ੇਸ਼ ਸਨਮਾਨ * ਜ਼ਿਲੇ ਦੇ ਮਿੱਥੇ ਟੀਚੇ ਤੋਂ ਦੁੱਗਣੇ 6951 ਨੌਜਵਾਨਾਂ ਨੂੰ ਦਿੱਤਾ ਗਿਆ ਰੋਜ਼ਗਾਰ: ਘਨਸ਼ਿਆਮ ਥੋਰੀਸੰਗਰੂਰ, 6 ਅਕਤੂਬਰ (ਰਾਜ਼ੇਸ਼ ਬਾਂਸਲ):ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਦੇਣ ਲਈ ਚਲਾਏ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ’ ਮਿਸ਼ਨ ਅਧੀਨ ਸਤੰਬਰ ਮਹੀਨੇ ਲੱਗੇ 5ਵੇਂ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਮਿੱਥੇ ਟੀਚੇ ਤੋਂ ਦੁੱਗਣੀ ਗਿਣਤੀ ਨੌਜਵਾਨਾਂ ਨੂੰ ਰੋਜ਼ਗਾਰ ਦਿਵਾ ਕੇ ਜ਼ਿਲਾ ਸੰਗਰੂਰ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ। ਅੱਜ ਚਮਕੌਰ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸੰਗਰੂਰ ਜ਼ਿਲੇ ਦੀਆਂ ਸ਼ਾਨਦਾਰ ਸੇਵਾਵਾਂ ਬਦੌਲਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਲਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੂੰ ਵਿਸ਼ੇਸ਼ ਸਨਮਾਨ ਹਾਸਲ ਹੋੋਇਆ ਹੈ। ਇਹ ਸਨਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬੱਤਰਾ ਨੇ ਜ਼ਿਲਾ ਪ੍ਰਸ਼ਾਸਨ ਤਰਫੋਂ ਹਾਸਲ ਕੀਤਾ। ਇਸ ਸਮਾਗਮ ’ਚ ਸੂਬੇ ਦੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਵੀ ਹਾਜ਼ਰ ਰਹੇ।ਰੋਜ਼ਗਾਰ ਮੇਲਿਆਂ ਦੀ ਸਫਲਤਾ ’ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਵਿਚ ਲੱਗੇ ਪੰਜਵੇਂ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਸੰਗਰੂਰ ਜ਼ਿਲੇ ਨੂੰ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ’ ਮਿਸ਼ਨ ਅਧੀਨ 3500 ਦਾ ਟੀਚਾ ਮਿਲਿਆ ਸੀ, ਪਰ ਜ਼ਿਲੇ ਵਿਚ 6951 ਨੌਜਵਾਨਾਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਦੌਰਾਨ ਨਾਮੀ ਕੰਪਨੀਆਂ ’ਚ ਨੌਕਰੀਆਂ ਦਿਵਾ ਕੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਨੇ 198.6 ਫੀਸਦੀ ਟੀਚਾ ਪ੍ਰਾਪਤ ਕੀਤਾ ਹੈ, ਜੋ ਪੂਰੇ ਜ਼ਿਲੇ ਲਈ ਫਖਰ ਵਾਲੀ ਗੱਲ ਹੈ। ਇਸ ਤੋਂ ਇਲਾਵਾ ਸਵੈ ਰੋਜ਼ਗਾਰ ਲਈ 3000 ਤੋਂ ਵੱਧ ਪ੍ਰਾਰਥੀਆਂ ਨੂੰ ਚੁਣਿਆ ਗਿਆ, ਜਿਨਾਂ ਨੂੰ ਬੈਂਕਾਂ ਰਾਹੀਂ ਕਰਜ਼ੇ ਦਿਵਾਏ ਜਾਣਗੇ। ਇਹ ਨੌਜਵਾਨ ਲੋੜੀਂਦੀ ਸਿਖਲਾਈ ਹਾਸਲ ਕਰ ਕੇ ਆਪਣੇ ਪੈਰਾਂ ’ਤੇ ਖੜੇ ਹੋ ਸਕਣਗੇ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸੰਗਰੂਰ, ਰੋਜ਼ਗਾਰ ਤੇ ਕਾਰੋਬਾਰ ਬਿਓਰੋ ਰਾਹੀਂ ਜ਼ਿਲੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦਿਵਾਉਣ ਲਈ ਵਚਨਬੱਧ ਹੈ।ਇਸ ਮੌਕੇ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆਂ ਸਬ ਡਿਵੀਜ਼ਨਾਂ ਵਿਚ 9 ਰੋਜ਼ਗਾਰ ਮੇਲੇ ਲਾਏ ਗਏ ਸਨ। ਇਸ ਦੌਰਾਨ ਭਵਾਨੀਗੜ ਵਿਖੇ 573, ਧੂਰੀ ਵਿਖੇ 469, ਅਹਿਮਦਗੜ ਵਿਖੇ 509, ਮੂਨਕ ਵਿਖੇ 757, ਮਾਲੇਰਕੋਟਲਾ ਵਿਖੇ 723, ਸੁਨਾਮ ਵਿਖੇ 1016, ਲਹਿਰਾ ਵਿਖੇ 569, ਦਿੜਬਾ ਵਿਖੇ 1079 ਤੇ ਸੰਗਰੂਰ ਵਿਖੇ 1256 ਪ੍ਰਾਰਥੀਆਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ।