ਪਨਗ੍ਰੇਨ ਦੇ ਸਕਿਊਰਟੀ ਗਾਰਡਾਂ ਦੀ ਛਾਂਟੀ ਨੂੰ ਲੈ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ

ਧੂਰੀ, 1 ਜੂਨ (ਮਹੇਸ਼ ਜਿੰਦਲ) ਐਮ.ਡੀ.ਪਨਗ੍ਰੇਨ ਵੱਲੋਂ ਠੇਕੇਦਾਰੀ ਸਿਸਟਮ ਅਧੀਨ ਆਊਟਸੋਰਸ ਏਜੰਸੀ ਵੱਲੋਂ ਗੋਦਾਮਾਂ ਦੀ ਰਾਖੀ ਲਈ ਰੱਖੇ ਗਏ ਸਕਿਊਰਟੀ ਗਾਰਡਾਂ ਦੀ ਛਾਂਟੀ ਕਰਦੇ ਹੋਏ ਉਹਨਾਂ ਦੀ ਗਿਣਤੀ 50 ਫੀਸਦੀ ਰੱਖਣ ਅਤੇ ਬਚਦੇ 50 ਫੀਸਦੀ ਸਕਿਊਰਟੀ ਗਾਰਡਾਂ ਤੋਂ ਚੌਕੀਦਾਰਾ ਡਿਊਟੀ 12 ਘੰਟੇ ਲੈਣ ਦੇ ਰੋਸ ਵਜੋਂ ਅੱਜ ਪਨਗ੍ਰੇਨ ਦਫਤਰ ਧੂਰੀ ਵਿਖੇ ਸਕਿਊਰਟੀ ਗਾਰਡਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ੳੁੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਇਸ ਨਾਦਰਸ਼ਾਹੀ ਫੈਸਲੇ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਖੁਰਾਕ ਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਤਹਿਸੀਲ ਅਤੇ ਕੇਂਦਰ ਧੂਰੀ ਦੇ ਆਗੂਆਂ ਹੰਸ ਰਾਜ ਦੀਦਾਰਗੜ੍ਹ, ਮੇਲਾ ਸਿੰਘ ਪੂੰਨਾਵਾਲ, ਗੁਰਮੀਤ ਸਿੰਘ ਮਿੱਡਾ, ਇੰਦਰ ਸਿੰਘ ਧੂਰੀ, ਰਮੇਸ਼ ਕੁਮਾਰ, ਚਰਨਜੀਤ,ਪ੍ਰੇਮ ਕੁਮਾਰ, ਸ਼ਰੀਫ਼ ਮੁਹੰਮਦ, ਬਹਾਦਰਪਾਲ, ਰਣਜੀਤ ਸਿੰਘ, ਮਨੀਸ਼ ਕੁਮਾਰ, ਕੁਲਜੀਤ ਸਿੰਘ, ਜਗਜੀਤ ਸਿੰਘ ਆਦਿ ਨੇ ਕਿਹਾ ਕਿ ਐਮ. ਡੀ.ਪਨਗ੍ਰੇਨ ਵੱਲੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਆਊਟ ਸੋਰਸ ਕਰਮਚਾਰੀਆਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਣ ਸੁਰੂ ਕਰਦਿਆਂ ਅਜਿਹਾ ਫੈਸਲਾ ਕਰਕੇ ਕਿਰਤੀ ਵਰਗ ਨਾਲ ਭਾਰੀ ਧੱਕਾ ਕੀਤਾ ਗਿਆ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਰੋਜਗਾਰ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਅਫਸਰਸ਼ਾਹੀ ਵੱਲੋਂ ਅਜਿਹੇ ਫੈਸਲੇ ਲੈ ਕੇ ਕਿਰਤੀਆਂ ਨਾਲ ਨਾ-ਇੰਨਸਾਫੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਪਨਗ੍ਰੇਨ ਵੱਲੋਂ 10000 ਐਮ.ਟੀ.ਕਣਕ ਦੀ ਰਾਖੀ ਲਈ ਸਿਰਫ 4 ਕਰਮਚਾਰੀ ਰੱਖਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ ਅਤੇ ਫੀਲਡ ਅਧਿਕਾਰੀਆਂ ਵੱਲੋਂ ਐਮ.ਡੀ. ਦੇ ਆਦੇਸ਼ਾਂ ਦੀ ਪਾਲਣਾ ਵਿੱਚ ਡਿਓਟੀ ਸਮਾਂ 8 ਤੋਂ ਵਧਾਕੇ 12 ਘੰਟੇ ਅਤੇ ਸਿਫਟਾਂ ਤਿੰਨ ਤੋਂ ਦੋ ਕਰਕੇ ਕਿਰਤੀਆਂ ਦਾ ਮਾਨਸਿਕ, ਆਰਥਿਕ ਸੋਸ਼ਣ ਸ਼ੁਰੂ ਕਰ ਦਿੱਤਾ ਹੈ।ਇਸ ਮੌਕੇ ਸ਼੍ਰੀ ਰਣਜੀਤ ਰਾਣਵਾਂ ਨੇ ਕਿਹਾ ਕਿ ਗੋਦਾਮਾਂ ਦੀ ਹਾਲਤ ਤਰਸਯੋਗ ਹੈ, ਸਕਿਊਰਟੀ ਗਾਰਡ ਘਟਾਉਣ ਨਾਲ ਗੋਦਾਮਾਂ ਦੀ ਰਾਖੀ ਮੁਸ਼ਕਿਲ ਹੋਣ ਦੇ ਨਾਲ-ਨਾਲ ਸਕਿਊਰਟੀ ਗਾਰਡਾਂ ਦੀ ਜਾਨ-ਮਾਲ ਦਾ ਖਤਰਾ ਵੀ ਵੱਧ ਗਿਆ ਹੈ। ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਰੈਗੂਲਰ ਕੀਤੇ ਪੀ.ਆਰ. ਚੌਕੀਦਾਰਾਂ ਨੂੰ ਜੀ.ਪੀ.ਐਫ.ਨੰਬਰ ਜਾਰੀ ਨਹੀਂ ਕੀਤੇ ਜਾ ਰਹੇ, ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਜਿਲੇ ਤੋਂ ਬਾਹਰ ਬਦਲ ਦਿੱਤਾ ਗਿਆ ਹੈ, ਸਵ:ਕਰਮਚਾਰੀਆਂ ਦੇ ਵਾਰਿਸ ਨੌਕਰੀ ਲਈ ਤਰਸ ਰਹੇ ਹਨ, ਰੈਗੂਲਰ ਕੀਤੇ ਪੀ.ਆਰ.ਚੌਕੀਦਾਰਾਂ ਲਈ ਤੀਜੇ ਦਰਜੇ ‘ਚ ਤਰੱਕੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ, ਸੇਵਾ ਮੁਕਤ ਆਰਜ਼ੀ ਪੀ ਆਰ ਚੌਕੀਦਾਰਾਂ ਨੂੰ ਪੈਨਸ਼ਨ ਅਤੇ ਪੈਨਸ਼ਨਰੀ ਲਾਭ ਬੰਦ ਕਰ ਦਿੱਤੇ ਹਨ। ਖੁਰਾਕ ਸਪਲਾਈ ਮੰਤਰੀ ਸਾਹਿਬ ਕੋਰੋਨਾ ਮਹਾਂਮਾਰੀ ਦੌਰਾਨ ਵੀ ਦਰਜ਼ਾਚਾਰ ਕਰਮਚਾਰੀਆਂ/ਸਕਿਓਰਟੀਗਾਰਡਾਂ ਦੀਆਂ ਮੁਸਕਲਾਂ ਨੂੰ ਅਣਗੌਲਿਆਂ ਕਰਦੇ ਆ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਦੇ ਦਰਜ਼ਾਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ 27 ਮਈ ਤੋਂ 3 ਜੂਨ ਤੱਕ ਰਾਜ ਭਰ ਵਿੱਚ ਰੋਸ ਹਫਤਾ ਮਨਾਇਆ ਜਾਵੇਗਾ, ਰਾਜ ਭਰ ਵਿੱਚ ਪੰਜਾਬ ਸਰਕਾਰ ਅਤੇ ਅਫਸਰਸਾਹੀ ਦੇ ਸਤਾਏ ਕਰਮਚਾਰੀਆਂ ਵੱਲੋਂ ਪੂਤਲੇ ਫੂਕੇ ਜਾਣਗੇ ਅਤੇ ਮੰਗਾਂ ਦੇ ਯਾਦ ਪੱਤਰ ਪੰਜਾਬ ਸਰਕਾਰ ਅਤੇ ਮੁੱਖ ਅਧਿਕਾਰੀਆਂ ਨੂੰ ਜਿਲਾ ਕੰਟਰੋਲਰਾਂ ਰਾਹੀਂ ਭੇਜੇ ਜਾਣਗੇ ।ਫੋਟੋ ਕੈਪਸਨ - ਪਨਗ੍ਰੇਨ ਦੇ ਗੋਦਾਮਾਂ ਵਿੱਚੋਂ ਕੱਢੇ ਗਏ ਸਕਿਊਰਟੀ ਗਾਰਡਾਂ ਦੇ ਹੱਕਾਂ ਲਈ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਦੀ ਕਲਾਸ ਫੋਰ ਗੌਰਮਿੰਟ ਇੰਮਪਲਾਈਜ਼ ਯੂਨੀਅਨ ਦੇ ਆਗੂ ਹੰਸ ਰਾਜ ਦੀਦਾਰਗੜ੍ਹ ਤੇ ਹੋਰ।