-
ਪੰਥਕ ਮਸਲੇ ਅਤੇ ਖ਼ਬਰਾਂ
-
Wed Sep,2018
ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕੁੱਝ ਦਿਨ ਪਹਿਲਾਂ ਇੱਕ ਸਥਾਨਕ ਕਾਲਜ ਵਿਖੇ ਪ੍ਰਧਾਨਗੀ ਨੂੰ ਲੈ ਕੇ ਹੋਈ ਲੜਾਈ ਜਿਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕਾਲਜ ਦੀ ਭੰਨਤੋੜ ਕੀਤੀ ਗਈ ਸੀ ਦੀ ਘਟਨਾ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੇ ਸਖਤੀ ਕਰਦਿਆਂ ਇਲਾਕੇ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਆਪਣੀ ਪੈਟਰੋਲਿੰਗ ਨੂੰ ਤੇਜ਼ ਕਰਦਿਆਂ ਸ਼ਰਾਰਤੀ ਅਤੇ ਗੁੰਡਾ ਅਨਸਰਾਂ ਖਿਲਾਫ ਕਰਵਾਈ ਸ਼ੁਰੂ ਕਰ ਦਿੱਤੀ ਤੇ ਇਸਦੇ ਨਾਲ ਹੀ ਉਨ੍ਹਾਂ ਕਾਲਜਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਡੀਐੱਸਪੀ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਕਿਸੇ ਵੀ ਗੁੰਡਾ ਅਨਸਰ ਨੂੰ ਵਿੱਦਿਅਕ ਸੰਸਥਾਵਾਂ ਦਾ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ। ਇਸੇ ਲੜੀ ਤਹਿਤ ਅੱਜ ਡੀਐੱਸਪੀ ਤਲਵੰਡੀ ਸਾਬੋ ਸੁਰਿੰਦਰ ਕੁਮਾਰ ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਾਰਚ ਕਰਕੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ। ਮਾਰਚ ਉਪਰੰਤ ਡੀਐੱਸਪੀ ਸੁਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਯੂਨੀਅਨਾਂ ਬਣਾ ਕੇ ਪ੍ਰਧਾਨਗੀ ਅਤੇ ਹੋਰ ਮਸਲਿਆਂ ਨੂੰ ਲੈ ਕੇ ਯੂਨੀਵਰਸਿਟੀ ਜਾਂ ਕਿਸੇ ਵੀ ਵਿੱਦਿਅਕ ਅਦਾਰੇ ਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਡੀਐੱਸਪੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਆਊਟਸਾਈਡਰ ਜਾਂ ਸ਼ਰਾਰਤੀ ਅਨਸਰ ਨੂੰ 'ਵਰਸਿਟੀ ਵਿੱਚ ਨਾ ਲੈ ਕੇ ਆਉਣ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਤੇ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਜਾਂ ਕਿਸੇ ਵੀ ਕਿਸਮ ਦਾ ਦਬਾਅ ਪਾਉਂਦਾ ਹੈ ਤਾਂ ਉਹ ਤੁਰੰਤ ਇਸਦੀ ਜਾਣਕਾਰੀ ਥਾਣਾ ਤਲਵੰਡੀ ਸਾਬੋ 'ਚ ਦੇਣ। ਜਿਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਡੀਐੱਸਪੀ ਸੁਰਿੰਦਰ ਕੁਮਾਰ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿੱਲੋਂ ਨਾਲ 'ਵਰਸਿਟੀ ਦੀ ਸਕਿਓਰਟੀ ਸਬੰਧੀ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਅੰਦਰ ਮਾਹੌਲ ਨੂੰ ਸੁਖਾਵਾਂ ਰੱਖਣ ਅਤੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਨੂੰ ਲੈ ਕੇ ਸਾਰੇ ਵਿੱਦਿਅਕ ਅਦਾਰਿਆਂ ਦੇ ਬਾਹਰ ਗਸ਼ਤ ਤੇਜ਼ ਕੀਤੀ ਗਈ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਜੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪੁਲਿਸ ਵੱਲੋਂ ਚੈਕਿੰਗ ਲਗਾਤਾਰ ਜਾਰੀ ਰਹੇਗੀ।