ਪੁਰਾਣੇ ਅਮਰੂਦ ਦੇ ਬਾਗਾਂ ਨੂੰ ਮੁੜ ਸੁਰਜੀਤ ਕਰਕੇ ਭਰਪੂਰ ਫਲ ਕੀਤਾ ਜਾ ਸਕਦੇ ਪ੍ਰਾਪਤ : ਡਾ. ਮਾਨ

ਪਟਿਆਲਾ, 12 ਮਾਰਚ(ਪੀ ਐੱਸ ਗਰੇਵਾਲ)-ਡਿਪਟੀ ਡਾਇਰੈਕਟਰ ਬਾਗਬਾਨੀ -ਕਮ- ਨੋਡਲ ਅਫ਼ਸਰ ਅਮਰੂਦ ਪੰਜਾਬ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਅਮਰੂਦ ਦੇ ਜਿਹੜੇ ਬੂਟੇ 15-20 ਸਾਲ ਪੁਰਾਣੇ ਹੋ ਗਏ ਹਨ, ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਲਈ ਮਾਰਚ ਦਾ ਮਹੀਨਾ ਬਹੁਤ ਹੀ ਢੁਕਵਾਂ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਬੂਟਿਆਂ ਨੂੰ ਜ਼ਮੀਨ ਦੇ ਪੱਧਰ ਤੋਂ 1.5 ਮੀਟਰ ਦੀ ਉਚਾਈ ਤੋਂ ਬੂਟਿਆਂ ਨੂੰ ਹੈਡਬੈਕ ਮਾਰਚ ਦੇ ਮਹੀਨੇ ਕੀਤਾ ਜਾ ਸਕਦਾ ਹੈ ਅਤੇ ਹੈਡਬੈਕ ਕਰਨ ਉਪਰੰਤ ਕੱਟੀ ਹੋਈ ਥਾਂ ਤੇ ਬਲਾਈਟੋਕਸ ਜਾਂ ਬੋਰਡੋਮਿਕਚਰ ਦਾ ਗਾੜਾ ਘੋਲ ਲਗਾ ਦੇਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਗਰਮੀ ਦੇ ਮਹੀਨੇ ਵਿਚ ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਲਗਾਤਾਰ ਦਿੰਦੇ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਬੂਟਿਆਂ ਨੂੰ ਖਾਦ ਮਈ-ਜੂਨ ਅਤੇ ਸਤੰਬਰ-ਅਕਤੂਬਰ ਦੇ ਮਹੀਨੇ ਪਾ ਦੇਣੀ ਚਾਹੀਦੀ ਹੈ। ਮੌਜੂਦਾ ਗਰਮੀ ਦੇ ਮੌਸਮ ਦੌਰਾਨ ਇਨ੍ਹਾਂ ਅਮਰੂਦਾਂ ਦੇ ਬੂਟਿਆਂ ਨੂੰ ਫਲ ਨਹੀਂ ਲੱਗੇਗਾ, ਪਰ ਸਰਦੀਆਂ ਦੇ ਮੌਸਮ ਦੌਰਾਨ ਥੋੜਾ ਫਲ ਲੱਗੇਗਾ ਅਤੇ ਉਸ ਤੋਂ ਅਗਲੇ ਸਾਲ ਲਗਾਤਾਰ ਫਲ ਦੇਣਾ ਸ਼ੁਰੂ ਕਰ ਦੇਵੇਗਾ। ਇਸ ਲਈ ਪੁਰਾਣੇ ਬੂਟਿਆਂ ਨੂੰ ਪੁੱਟ ਕੇ ਸੁੱਟ ਨਹੀਂ ਦੇਣਾ ਚਾਹੀਦਾ, ਸਗੋਂ ਮੁੜ ਸੁਰਜੀਤ ਕਰਨਾ ਹੀ ਬਿਹਤਰ ਹੋਵੇਗਾ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਾਗਬਾਨੀ ਵਿਭਾਗ ਦੇ ਬਲਾਕ ਪੱਧਰ ਤੇ ਬਾਗਬਾਨੀ ਵਿਕਾਸ ਅਫਸਰ ਜਾਂ ਜਿਲ੍ਹਾ ਪੱਧਰ ਤੇ ਸਹਾਇਕ ਡਾਇਰੈਕਟਰ ਬਾਗਬਾਨੀ ਜਾਂ ਉਪ ਡਾਇਰੈਕਟਰ ਬਾਗਬਾਨੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਮਰੂਦਾਂ ਦੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦਾ ਉਪਦਾਨ ਦਿੱਤਾ ਜਾਂਦਾ ਹੈ।