ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ 21 ਜੂਨ ਦੀ ਸ਼ਾਮ ਨੂੰ ਪਾਠ ਦੀ ਸਮਾਪਤੀ ਸਮੇਂ ਰਾਮਾਂ ਮੰਡੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਦਰਬਾਰ ਸਹਿਬ ਅੰਦਰ ਹੀ ਕਤਲ ਕਰਨ ਵਾਲੇ ਜਿਸ ਕਾਤਲ ਨੂੰ ਸੰਗਤਾਂ ਨੇ ਮੌਕੇ ਤੇ ਦਬੋਚ ਕੇ ਪੁਲਿਸ ਦੇ ਹਵਾਲੇ ਕੀਤਾ ਸੀ, ਪੁਲਿਸ ਦੀ ਨਾਲਾਇਕੀ ਦੇ ਚਲਦਿਆਂ ਉਹ ਬੀਤੀ ਰਾਤ ਬਠਿੰਡਾ ਦੇ ਸਿਵਲ ਹਸਪਤਾਲ ਵਿਚੋਂ ਤਿੱਤਰ ਹੋਣ ਵਿੱਚ ਸਫਲ ਹੋ ਗਿਆ ਜਿਸ ਦੇ ਸੰਬੰਧ ਵਿੱਚ ਫੌਰੀ ਕਾਰਵਾਈ ਕਰਦਿਆਂ ਮਹਿਕਮੇ ਵੱਲੋਂ ਦੋਸ਼ੀ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਇੱਕ ਏ.ਐੱਸ.ਆਈ. ਸਮੇਤ ਪੰਜ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪਿੰਡ ਬੁਰਜ ਜਿਲ੍ਹਾ ਬਠਿੰਡਾ ਦੇ ਵਸਨੀਕ ਗ੍ਰੰਥੀ ਜਸਵਿੰਦਰ ਸਿੰਘ ਉਰਫ ਭੋਲੂ ਦਾ ਬੀਤੀ ੨੧ ਜੂਨ ਦੀ ਸ਼ਾਮ ਨੂੰ ਦਰਬਾਰ ਸਾਹਿਬ ਅੰਦਰ ਹੀ ਕਤਲ ਕਰਨ ਵਾਲੇ ਉਕਤ ਫਰਾਰ ਹੋਏ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਸ਼ੋਲੇ ਜਿਲ੍ਹਾ ਲੁਧਿਆਣਾ ਨੂੰ ਰਾਮਾ ਮੰਡੀ ਦੀਆਂ ਸੰਗਤਾਂ ਨੇ ਮੌਕਾ ਵਾਰਦਾਤ ਤੋਂ ਭੱਜਦੇ ਨੂੰ ਸਮੇਤ ਤੇਜਧਾਰ ਹਥਿਆਰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਸੀ ਜਦੋਂ ਕਿ ਉਸਦਾ ਦੂਸਰਾ ਅਣਪਛਾਤਾ ਸਾਥੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ ਸੀ। ਵਾਰਦਾਤ ਸਮੇਂ ਹੋਈ ਮਾਮੂਲੀ ਹੱਥੋਪਾਈ ਵਿੱਚ ਜ਼ਖਮੀ ਹੋਣ ਕਾਰਨ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਕੈਦੀ ਵਾਰਡ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿਥੋਂ ਉਹ ਬੀਤੀ ਰਾਤ ਫਰਾਰ ਹੋ ਗਿਆ। ਮਿਰਤਕ ਗ੍ਰੰਥੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੋਸਟ ਮਾਰਟਮ ਵਾਲੇ ਦਿਨ ਹੀ ਪੁਲਿਸ ਨੇ ਮੁੱਖ ਕਾਤਲ ਉਕਤ ਪਰਮਜੀਤ ਸਿੰਘ ਪੰਮਾ ਦੇ ਦੂਸਰੇ ਸਾਥੀ ਨੂੰ ਇੱਕ ਧਾਰਮਿਕ ਸੰਸਥਾ ਦੇ ਦਬਾਅ ਹੇਠ ਆਕੇ ਛੱਡ ਦਿੱਤਾ ਸੀ ਅਤੇ ਹਿਰਾਸਤ ਵਿੱਚ ਰੱਖੇ ਗਏ ਉਕਤ ਪੰਮੇ ਤੋਂ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਹੀ ਉਨ੍ਹਾਂ ਨੇ ਮਿਰਤਕ ਦਾ ਅੰਤਿਮ ਸੰਸਕਾਰ ਕੀਤਾ ਸੀ ਪ੍ਰੰਤੂ ਹੁਣ ਦੋਸ਼ੀ ਦੇ ਫਰਾਰ ਹੋਣ ਦੇ ਪਿਛੋਂ ਉਨ੍ਹਾਂ ਨੂੰ ਪੁਲਿਸ ਤੇ ਕੋਈ ਭਰੋਸਾ ਨਹੀਂ ਰਿਹਾ। ਮਿਰਤਕ ਦੇ ਵਾਰਸਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗ੍ਰੰਥੀ ਜਸਵਿੰਦਰ ਸਿੰਘ ਦੇ 30 ਜੂਨ ਨੂੰ ਹੋ ਰਹੇ ਭੋਗ ਸਮਾਗਮਾਂ ਤੱਕ ਭਗੌੜੇ ਕਾਤਲ ਅਤੇ ਉਸਦੇ ਦੂਜੇ ਸਾਥੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਨਸਾਫ ਲੈਣ ਲਈ ਪੁਲਿਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਇਨਸਾਫ ਦੀ ਜੰਗ ਲੜੀ ਜਾਵੇਗੀ।