ਪੇਪਰ ਦੇ ਡਰੋਂ ਨਹਿਰ ’ਚ ਛਾਲ ਮਾਰਨ ਵਾਲੇ ਵਿਦਿਆਰਥੀ ਦੀ ਲਾਸ਼ ਬਰਾਮਦ

ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਊਰਨਾ ਦੇ ਨਿਵਾਸੀ ਕੁਲਦੀਪ ਸਿੰਘ ਦਾ ਲੜਕਾ ਅਰਸ਼ਜੋਤ ਸਿੰਘ (17) ਜੋ ਕਿ ਲੰਘੀ 12 ਮਾਰਚ ਨੂੰ ਸਰਹਿੰਦ ਨਹਿਰ ਵਿਚ ਛਾਲ ਮਾਰ ਗਿਆ ਸੀ, ਦੀ ਲਾਸ਼ ਅੱਜ ਸਵੇਰੇ ਪਿੰਡ ਢੰਡੇ ਦੀ ਕਿਸ਼ਤੀ ਨੇੜਿਉਂ ਬਰਾਮਦ ਹੋ ਗਈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਕੁਲਦੀਪ ਸਿੰਘ ਨੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਕਿ 12 ਮਾਰਚ ਨੂੰ ਉਸ ਦਾ +2 ਬੋਰਡ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਸੀ ਜਿਸ ਨੂੰ ਦੇਣ ਲਈ ਉਹ ਸਮਰਾਲਾ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਗਿਆ ਸੀ। ਇਸ ਬੋਰਡ ਪ੍ਰੀਖਿਆ ਦੀ ਪੂਰੀ ਤਰ੍ਹਾਂ ਤਿਆਰੀ ਨਾ ਹੋਣ ਕਾਰਨ ਉਹ ਕੁੱਝ ਪ੍ਰੇਸ਼ਾਨ ਸੀ ਪਰ ਜਦੋਂ ਉਹ ਸ਼ਾਮ ਤੱਕ ਵਾਪਸ ਘਰ ਨਾ ਪਰਤਿਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਲੜਕੇ ਅਰਸ਼ਜੋਤ ਦੀ ਤਲਾਸ਼ ਦੌਰਾਨ ਉਸ ਦਾ ਸਾਈਕਲ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲ ਖੜ੍ਹਾ ਮਿਲਿਆ ਤਾਂ ਉਥੇ ਕੁੱਝ ਲੋਕਾਂ ਨੇ ਦੱਸਿਆ ਕਿ ਇੱਕ ਲੜਕੇ ਨੇ ਸਾਈਕਲ ਖੜ੍ਹਾ ਕਰ ਕੇ ਪੁਲ ਤੋਂ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਉਸ ਦਿਨ ਤੋਂ ਹੀ ਨਹਿਰ ਵਿਚ ਉਸ ਦੀ ਭਾਲ ਕਰ ਰਹੇ ਸਨ। ਅੱਜ ਨਹਿਰ ’ਚੋਂ ਇਸ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ ’ਤੇ ਪੁਲੀਸ ਨੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ

Posted By: Gurjeet Singh