ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਪਾਣੀ ਬਣਿਆ ਆਫ਼ਤ

ਧੂਰੀ, 30 ਮਈ (ਮਹੇਸ ਜਿੰਦਲ) ਕਈ ਦਿਨਾਂ ਦੀ ਹੁੰਮਸ ਭਰੀ ਗਰਮੀ ਮਗਰੋਂ ਅੱਜ ਸ਼ਾਮ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹ ਮਿਲੀ ਉਥੇ ਹੀ ਸ਼ਹਿਰ ਵਿੱਚ ਪਏ ਭਰਵੇਂ ਮੀਂਹ ਨੇ ਧੂਰੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਦੇ ਨਾਲ-ਨਾਲ ਧੂਰੀ ਨਗਰ ਕੌਂਸਲ ਦੇ ਦਫ਼ਤਰ ਅੱਗੇ ਵੀ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਪਏ ਮੀਂਹ ਨਾਲ ਸ਼ਹਿਰ ਪੂਰੀ ਤਰ੍ਹਾਂ ਜਲਥਲ ਹੋ ਗਿਆ। ਕੋਈ ਮੁਹੱਲਾ, ਗਲੀ ਜਾਂ ਕਾਲੋਨੀ ਅਜਿਹੀ ਨਹੀਂ ਜਿੱਥੇ ਪਾਣੀ ਜਮ੍ਹਾਂ ਨਾ ਹੋਇਆ ਹੋਵੇ। ਸਥਾਨਕ ਲੋਹਾ ਬਾਜ਼ਾਰ, ਕ੍ਰਾਂਤੀ ਚੌਕ, ਡਬਲ ਰੇਲਵੇ ਫਾਟਕ ਰੋਡ, ਤਹਿਸੀਲ ਮੁਹੱਲਾ, ਅੰਬੇਦਕਰ ਚੌਕ, ਪੰਜਾਹ ਫੁੱਟੀ ਸੜਕ, ਪੁਰਾਣੀ ਅਨਾਜ ਮੰਡੀ ਸਮੇਤ ਹੋਰ ਕਈ ਇਲਾਕਿਆਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹ ਗਿਆ ਹੈ।ਇਸ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਨੀਵੇਂ ਘਰਾਂ ਅਤੇ ਦੁਕਾਨਾਂ ’ਚ ਵੀ ਮੀਂਹ ਦਾ ਪਾਣੀ ਵੜ੍ਹ ਜਾਣ ਕਾਰਨ ਭਾਰੀ ਨੁਕਸਾਨ ਹੋਇਆ ਹੈ।