ਸੇਮ ਨਾਲਾ ਟੁੱਟਣ ਨਾਲ ਖਰਾਬ ਹੋਈਆਂ ਫਸਲਾਂ ਦੇ ਮੁਆਵਜੇ ਲਈ ਭਾਕਿਯੂ ਨੇ ਐੱਸਡੀਐਮ ਨੂੰ ਦਿੱਤਾ ਮੰਗ ਪੱਤਰ।

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿੱਚੋਂ ਦੀ ਲੰਘਦੇ ਸੇਮ ਨਾਲੇ ਵਿੱਚ ਬੀਤੇ ਦਿਨ ਬਾਰਿਸ਼ ਉਪਰੰਤ ਪਿੱਛੋਂ ਜਿਆਦਾ ਪਾਣੀ ਛੱਡਣ ਕਰਕੇ ਨਾਲਾ ਟੁੱਟਣ ਨਾਲ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਮੁਆਵਜੇ ਲਈ ਐੱਸਡੀਐਮ ਤਲਵੰਡੀ ਸਾਬੋ ਸ੍ਰੀ ਬਰਿੰਦਰ ਕੁਮਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਬਲਾਕ ਪ੍ਰਧਾਨ ਗੰਗਾ ਸਿੰਘ ਚੱਠੇਵਾਲਾ ਨੇ ਦੱਸਿਆ ਕਿ ਪਿੰਡ ਚੱਠੇਵਾਲਾ ਦੇ ਕੋਲ ਲੰਘਦਾ ਸੇਮ ਨਾਲਾ ਪਿਛਲੇ ਦਿਨੀ ਜਿਆਦਾ ਬਾਰਿਸ਼ ਹੋਣ ਕਾਰਨ ਪਹਿਲਾਂ ਹੀ ਭਰਨ ਕਿਨਾਰੇ ਸੀ ਕਿ ਮਹਿਕਮੇ ਵੱਲੋਂ ਬਾਅਦ ਵਿੱਚ ਨਾਲੇ ਵਿੱਚ ਪਿੱਛੋਂ ਜਿਆਦਾ ਪਾਣੀ ਛੱਡ ਦੇਣ ਕਾਰਣ ਨਾਲ ਨਾਲਾ ਟੁੱਟ ਗਿਆ ਜਿਸ ਦਾ ਸਾਰਾ ਪਾਣੀ ਪਿੰਡ ਦੇ ਕਿਸਾਨਾਂ ਦੀਆਂ ਨਰਮੇ ਅਤੇ ਝੋਨੇ ਦੀਆਂ ਫਸਲਾ ਵਿੱਚ ਭਰ ਗਿਆ ਜਿਸ ਨਾਲ ਉਨਾਂ ਅਨੁਸਾਰ ਕਰੀਬ 200 ਏਕੜ ਨਰਮੇ ਅਤੇ ਝੋਨੇ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ। ਭਾਕਿਯੂ ਆਗੂਆਂ ਨੇ ਐੱਸਡੀਐੱਮ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਯੋਗ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਉਹਨਾਂ ਨਾਲ ਪੀੜਿਤ ਕਿਸਾਨ ਹਰਬੰਸ ਸਿੰਘ, ਬਲਜਿੰਦਰ ਸਿੰਘ, ਅੰਗਰੇਜ ਸਿੰਘ, ਸੁਖਦੇਵ ਸਿੰਘ, ਸਾਧੂ ਸਿੰਘ, ਕਾਕਾ ਸਿੰਘ, ਹਰਪਾਲ ਸਿੰਘ, ਬੇਅੰਤ ਸਿੰਘ, ਦਰਸ਼ਨ ਸਿੰਘ, ਬੁੱਧ ਸਿੰਘ, ਸੁਖਦੇਵ ਸਿੰਘ ਆਦਿ ਵੀ ਮੌਜੂਦ ਸਨ।

Posted By: GURJANT SINGH